US Election 2020: ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕੀ ਚੋਣਾਂ ਤੋਂ ਪਹਿਲਾਂ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਉਹ ਇਸ ਲਈ ਰਾਜਨੀਤੀ ਵਿੱਚ ਆਏ ਤੇ ਰਾਸ਼ਟਰਪਤੀ ਚੁਣੇ ਗਏ ਕਿਉਂਕਿ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਚੰਗਾ ਕੰਮ ਨਹੀਂ ਕੀਤਾ ਸੀ। ਦੱਸ ਦੇਈਏ ਕਿ ਇਨ੍ਹੀਂ ਦਿਨੀਂ ਅਮਰੀਕਾ ਵਿੱਚ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਦੀਆਂ ਤਿਆਰੀਆਂ ਚੱਲ ਰਹੀਆਂ ਹਨ । ਇਸ ਸਬੰਧ ਵਿੱਚ ਟਰੰਪ ਚੋਣਾਂ ਬਾਰੇ ਵੱਖੋ-ਵੱਖਰੇ ਬਿਆਨ ਦੇ ਰਹੇ ਹਨ।
ਟਰੰਪ ਨੇ ਬੁੱਧਵਾਰ ਨੂੰ ਵ੍ਹਾਈਟ ਹਾਊਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਮੈਨੂੰ ਮੇਰੀ ਪੁਰਾਣੀ ਜ਼ਿੰਦਗੀ ਕਾਫ਼ੀ ਪਸੰਦ ਸੀ। ਪਰ ਉਨ੍ਹਾਂ ਨੇ ਬਹੁਤ ਮਾੜੇ ਕੰਮ ਕੀਤੇ ਅਤੇ ਇਸ ਲਈ ਮੈਂ ਅੱਜ ਤੁਹਾਡੇ ਸਾਹਮਣੇ ਰਾਸ਼ਟਰਪਤੀ ਵਜੋਂ ਖੜਾ ਹਾਂ। ਰਾਸ਼ਟਰਪਤੀ ਓਬਾਮਾ ਨੇ ਚੰਗਾ ਕੰਮ ਨਹੀਂ ਕੀਤਾ। ਮੈਂ ਇੱਥੇ ਸਿਰਫ ਰਾਸ਼ਟਰਪਤੀ ਓਬਾਮਾ ਅਤੇ ਜੋ ਬਿਡੇਨ ਕਰਕੇ ਹਾਂ, ਕਿਉਂਕਿ ਜੇ ਉਨ੍ਹਾਂ ਨੇ ਚੰਗਾ ਕੰਮ ਕੀਤਾ ਹੁੰਦਾ, ਤਾਂ ਮੈਂ ਇੱਥੇ ਨਾ ਹੁੰਦਾ। ਜੇ ਉਨ੍ਹਾਂ ਨੇ ਚੰਗਾ ਕੰਮ ਕੀਤਾ ਹੁੰਦਾ ਤਾਂ ਸ਼ਾਇਦ ਮੈਂ ਚੋਣ ਵੀ ਨਾ ਲੜਦਾ।
ਦੱਸ ਦਈਏ ਕਿ ਅਮਰੀਕਾ ਵਿੱਚ ਨਵੰਬਰ ਵਿੱਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਡੈਮੋਕ੍ਰੇਟਿਕ ਪਾਰਟੀ ਨੇ ਜੋ ਬਿਡੇਨ ਦੇ ਆਪਣਾ ਉਮੀਦਵਾਰ ਹੋਣ ਦਾ ਅਧਿਕਾਰਤ ਤੌਰ ‘ਤੇ ਐਲਾਨ ਕੀਤਾ ਸੀ । ਉਨ੍ਹਾਂ ਦਾ ਮੁਕਾਬਲਾ ਮੌਜੂਦਾ ਰਾਸ਼ਟਰਪਤੀ ਅਤੇ ਰਿਪਬਲੀਕਨ ਪਾਰਟੀ ਦੇ ਉਮੀਦਵਾਰ ਡੋਨਲਡ ਟਰੰਪ ਨਾਲ ਹੋਵੇਗਾ। ਉੱਥੇ ਹੀ ਦੂਜੇ ਪਾਸੇ ਓਬਾਮਾ ਪ੍ਰਸਾਸ਼ਨ ਵਿੱਚ ਬਿਡੇਨ ਉਪ ਰਾਸ਼ਟਰਪਤੀ ਸਨ, ਜੋ ਇਸ ਸਾਲ ਨਵੰਬਰ ਵਿੱਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਵਿੱਚ ਡੈਮੋਕਰੇਟਸ ਵੱਲੋਂ ਟਰੰਪ ਨੂੰ ਚੁਣੌਤੀ ਦੇ ਰਹੇ ਹਨ।