ludhiana civil hospital ਲੁਧਿਆਣਾ, (ਤਰਸੇਮ ਭਾਰਦਵਾਜ)-ਸਿਵਲ ਹਸਪਤਾਲ ‘ਚ ਇਕ ਔਰਤ ਦੀ ਡਲਿਵਰੀ ਦੌਰਾਨ ਪੈਦਾ ਹੋਈ ਬੱਚੀ ਨੂੰ ਦੁਨੀਆਂ ‘ਚ ਆਉਣ ’ਤੇ ਵੀ ਦੁਨੀਆ ਦੇਖਣੀ ਨਸੀਬ ਨਹੀਂ ਹੋਈ ਕਿਉਂਕਿ ਉਹ ਮਰੀ ਹੋਈ ਪੈਦਾ ਹੋਈ। ਡਲਿਵਰੀ ਤੋਂ ਬਾਅਦ ਉਸ ਦੀ ਮਾਂ ਵੀ ਲਾਪਤਾ ਹੋ ਗਈ।
ਹਸਪਤਾਲ ਨੇ ਮਾਸੂਮ ਦੀ ਲਾਸ਼ ਮੁਰਦਾ ਘਰ ‘ਚ ਰਖਵਾ ਦਿੱਤੀ, ਜੋ ਉਸ ਦੇ ਵਾਰਸ ਆਉਣ ’ਤੇ ਉਨ੍ਹਾਂ ਨੂੰ ਸਪੁਰਦ ਕਰ ਦਿੱਤੀ ਜਾਵੇਗੀ ਪਰ ਬੱਚੀ ਨੂੰ ਜਨਮ ਦੇਣ ਵਾਲੀ ਮਾਂ ਦਾ ਹੀ ਕੁੱਝ ਪਤਾ ਨਹੀਂ ਲੱਗ ਸਕਿਆ।ਪੁਲਸ ਨੇ ਔਰਤ ਨੂੰ ਲੱਭਣ ਦਾ ਯਤਨ ਕੀਤਾ ਕੀਤਾ ਪਰ ਉਹ ਨਹੀਂ ਮਿਲੀ ਕਿਉਂਕਿ ਔਰਤ ਨੇ ਆਪਣਾ ਨਾਮ ਅਤੇ ਪਤਾ ਗਲਤ ਲਿਖਵਾਇਆ ਸੀ। ਹੁਣ ਪਿਛਲੇ 20 ਦਿਨਾਂ ਤੋਂ ਮਾਸੂਮ ਦੀ ਲਾਸ਼ ਮੁਰਦਾ ਘਰ ‘ਚ ਆਪਣੇ ਸਸਕਾਰ ਦੀ ਉਡੀਕ ‘ਚ ਸੜ ਰਹੀ ਹੈ, ਉਸ ਦੀ ਸਾਰ ਲੈਣ ਵਾਲਾ ਕੋਈ ਨਹੀਂ। ਜਾਣਕਾਰੀ ਮੁਤਾਬਕ 31 ਜੁਲਾਈ ਨੂੰ ਸਿਵਲ ਹਸਪਤਾਲ ਦੇ ਮਦਰ ਐਂਡ ਚਾਈਲਡ ਸੈਂਟਰ ‘ਚ ਇਕ ਗਰਭਵਤੀ ਔਰਤ ਆਈ ਸੀ।ਉਸ ਦੀ ਡਲਿਵਰੀ ਹੋਣ ਵਾਲੀ ਸੀ। ਇਸ ਲਈ ਹਸਪਤਾਲ ਸਟਾਫ਼ ਨੇ ਔਰਤ ਨੂੰ ਭਰਤੀ ਕਰ ਲਿਆ ਸੀ। ਔਰਤ ਨੇ ਆਪਣਾ ਨਾਮ ਅੰਕਿਤਾ ਅਤੇ ਪਤਾ ਮਾਲੀਗੰਜ ਚੌਂਕ ਦਾ ਲਿਖਵਾਇਆ ਸੀ। ਇਸ ਤੋਂ ਬਾਅਦ ਡਾਕਟਰ ਨੇ ਔਰਤ ਦੀ ਡਲਿਵਰੀ ਕੀਤੀ ਪਰ ਔਰਤ ਦੇ ਮਰੀ ਹੋਈ ਬੱਚੀ ਪੈਦਾ ਹੋਈ ਸੀ। ਇਸ ਤੋਂ ਬਾਅਤ ਸਟਾਫ਼ ਨੇ ਔਰਤ ਨੂੰ ਦੱਸ ਦਿੱਤਾ ਕਿ ਉਸ ਦੀ ਬੱਚੀ ਮਰੀ ਹੋਈ ਪੈਦਾ ਹੋਈ ਸੀ। ਇਸ ਤੋਂ ਬਾਅਦ ਬੱਚੀ ਦੀ ਲਾਸ਼ ਮੁਰਦਾ ਘਰ ‘ਚ ਰਖਵਾ ਦਿੱਤੀ ਗਈ ਸੀ ਪਰ ਜਦੋਂ ਕੁੱਝ ਸਮੇਂ ਬਾਅਦ ਸਟਾਫ਼ ਨੇ ਔਰਤ ਨੂੰ ਦੇਖਿਆ ਤਾਂ ਉਹ ਆਪਣੇ ਬੈੱਡ ਤੋਂ ਗਾਇਬ ਸੀ। ਉਹ ਕਿਸੇ ਨੂੰ ਬਿਨਾਂ ਕੁਝ ਦੱਸੇ ਹਸਪਤਾਲ ਤੋਂ ਚਲੀ ਗਈ ਸੀ।ਪੁਲਸ ਲੱਭਣ ਨਿਕਲੀ ਤਾਂ ਔਰਤ ਦਾ ਪਤਾ ਅਤੇ ਨਾਮ ਗਲਤ ਮਿਲਿਆ ਹਸਪਤਾਲ ਦੇ ਅਧਿਕਾਰੀਆਂ ਨੇ ਇਸ ਸਬੰਧੀ ਚੌਂਕੀ ਸਿਵਲ ਹਸਪਤਾਲ ਦੀ ਪੁਲਸ ਨੂੰ ਲਿਖ ਕੇ ਦਿੱਤਾ ਅਤੇ ਔਰਤ ਨੂੰ ਲੱਭ ਕੇ ਬੱਚੀ ਦਾ ਸਸਕਾਰ ਕਰਵਾਉਣ ਲਈ ਕਿਹਾ। ਚੌਂਕੀ ਸਿਵਲ ਹਸਪਤਾਲ ਦੀ ਪੁਲਸ ਨੇ ਰੁੱਕਾ ਥਾਣਾ ਕੋਤਵਾਲੀ ‘ਚ ਭੇਜ ਦਿੱਤਾ, ਜਿਸ ਤੋਂ ਬਾਅਦ ਥਾਣਾ ਕੋਤਵਾਲੀ ਅਤੇ ਚੌਂਕੀ ਸਿਵਲ ਹਸਪਤਾਲ ਦੀ ਪੁਲਸ ਦੋਹਾਂ ਨੇ ਔਰਤ ਦਾ ਪਤਾ ਲਗਾਉਣ ਦਾ ਯਤਨ ਕੀਤਾ ਪਰ ਕੁੱਝ ਪਤਾ ਨਹੀਂ ਲੱਗ ਸਕਿਆ। ਔਰਤ ਵੱਲੋਂ ਲਿਖਵਾਏ ਗਏ ਨਾਂ ਅਤੇ ਪਤੇ ‘ਤੇ ਜਦੋਂ ਜਾ ਕੇ ਦੇਖਿਆ ਗਿਆ ਤਾਂ ਪਤਾ ਲੱਗਾ ਕਿ ਅਜਿਹੀ ਕੋਈ ਔਰਤ ਉੱਥੇ ਨਹੀਂ ਰਹਿੰਦੀ।