Thieves drug addiction center: ਲੁਧਿਆਮਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਚੋਰੀ ਅਤੇ ਲੁੱਟਾਂ ਦੀਆਂ ਵਾਰਦਾਤਾਂ ਨੂੰ ਠੱਲ ਨਹੀਂ ਪੈ ਰਹੀ ਹੈ। ਆਏ ਦਿਨ ਹੀ ਨਵੀਂ ਤੋਂ ਨਵੀਂ ਵਾਰਦਾਤ ਸਾਹਮਣੇ ਆ ਰਹੀਆਂ ਹਨ। ਹੁਣ ਮਾਮਲਾ ਇੱਥੋ ਦੇ ਮਾਛੀਵਾੜਾ ਤੋਂ ਸਾਹਮਣੇ ਆਇਆ ਹੈ, ਜਿੱਥੇ ਸਮਾਰਾਲਾ ਰੋਡ ‘ਤੇ ਨਿੱਜੀ ਨਸ਼ਾ ਛੁਡਾਊ ਕੇਂਦਰ ‘ਤੇ ਚੋਰਾਂ ਨੇ ਧਾਵਾਂ ਬੋਲਿਆ ਅਤੇ ਲੱਖਾਂ ਰੁਪਏ ਦੀਆਂ ਦਵਾਈਆਂ ਚੋਰੀ ਕਰ ਫਰਾਰ ਹੋ ਗਏ। ਇਸ ਦੌਰਾਨ ਸੁਰੱਖਿਆ ਕਰਮਚਾਰੀ ਨੂੰ ਬੰਧਕ ਬਣਾ ਕੇ ਚੋਰਾਂ ਨੇ ਵਾਰਦਾਤ ਨੂੰ ਅੰਜ਼ਾਮ ਦਿੱਤਾ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਮੌਕੇ ‘ਤੇ ਪੁਲਿਸ ਪਹੁੰਚੀ ਅਤੇ ਸੈਂਟਰ ਦਾ ਜਾਇਜ਼ਾ ਲਿਆ।
ਸੁਰੱਖਿਆ ਕਰਮਚਾਰੀ ਨੇ ਦੱਸਿਆ ਕਿ ਦੇਰ ਰਾਤ ਲਗਭਗ 2 ਵਜੇ ਤੋਂ ਬਾਅਦ 3-4 ਵਿਅਕਤੀ ਆਏ, ਜਿਨ੍ਹਾਂ ਨੇ ਮੂੰਹ ਢਕੇ ਹੋਏ ਸਨ। ਚੋਰਾਂ ਨੇ ਆਉਂਦਿਆਂ ਸਾਰ ਹੀ ਉਸਨੂੰ ਬੰਨ ਲਿਆ। ਇਸ ਤੋਂ ਬਾਅਦ ਉਨ੍ਹਾਂ ਨੇ ਹਸਪਤਾਲ ‘ਚ ਨਸ਼ਾ ਛੁਡਾਉਣ ਵਾਲੀਆਂ ਲਗਭਗ 19,000 ਗੋਲੀਆ ਲੈ ਗਏ, ਜਿਨ੍ਹਾਂ ਦੀ ਕੀਮਤ ਲਗਭਗ 6 ਲੱਖ ਰੁਪਏ ਦੱਸੀ ਜਾ ਰਹੀ ਹੈ। ਇਸ ਤੋਂ ਇਲਾਵਾ ਹਸਪਤਾਲ ਦੀ ਅਲਮਾਰੀ ‘ਚ ਪਈ 2 ਲੱਖ ਰੁਪਏ ਦੀ ਨਗਦੀ ਵੀ ਉਡਾ ਕੇ ਲੈ ਗਏ। ਵਾਰਦਾਤ ਨੂੰ ਅੰਜ਼ਾਮ ਦੇ ਕੇ ਜਾਂਦੇ ਹੋਏ ਚੋਰ ਹਸਪਤਾਲ ‘ਚ ਸੀ.ਸੀ.ਟੀ.ਵੀ ਕੈਮਰੇ ਦਾ ਡੀ.ਵੀ.ਆਰ.ਵੀ ਨਾਲ ਲੈ ਗਏ।
ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਚੋਰੀ ਹੋਈਆ ਦਵਾਈਆਂ ਆਮ ਮੈਡੀਕਲ ਸਟੋਰਾਂ ‘ਤੇ ਮੁਕੰਮਲ ਤੌਰ ‘ਤੇ ਬੰਦ ਹਨ ਅਤੇ ਇਹ ਸਿਰਫ ਸਰਕਾਰੀ ਹਸਪਤਾਲ ਜਾਂ ਮਾਨਤਾ ਪ੍ਰਾਪਤ ਨਸ਼ਾ ਛੁਡਾਉ ਕੇਂਦਰਾਂ ‘ਤੇ ਹੀ ਉਪਲੱਬਧ ਹੁੰਦੀਆਂ ਹਨ। ਇਹ ਦਵਾਈਆਂ ਜ਼ਿਆਦਾਤਰ ਨਸ਼ੇੜੀਆਂ ਜਾਂ ਮਾਨਸਿਕ ਤੌਰ ਤੇ ਪਰੇਸ਼ਾਨ ਮਰੀਜ਼ਾਂ ਨੂੰ ਹੀ ਦਿੱਤੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਚੋਰੀ ਹੋ ਕੇ ਇਹ ਦਵਾਈਆਂ ਜੇਕਰ ਆਮ ਲੋਕਾਂ ਤੱਕ ਪਹੁੰਚ ਗਈਆਂ ਤਾਂ ਕਾਫੀ ਖਤਰਨਾਕ ਸਾਬਿਤ ਹੋ ਸਕਦੀਆਂ ਹਨ। ਵਾਰਦਾਤ ਤੋਂ ਬਾਅਦ ਸੁਰੱਖਿਆ ਕਰਮਚਾਰੀ ਨੇ ਫੋਨ ਰਾਹੀ ਕੇਂਦਰ ਦੇ ਮਾਲਕ ਨੂੰ ਜਾਣਕਾਰੀ ਦਿੱਤੀ।