security tight weekend curfew: ਲੁਧਿਆਣਾ (ਤਰਸੇਮ ਭਾਰਦਵਾਜ)-ਮਹਾਨਗਰ ‘ਚ ਖਤਰਨਾਕ ਕੋਰੋਨਾਵਾਇਰਸ ਕਾਰਨ ਸਥਿਤੀ ਬੇਕਾਬੂ ਹੁੰਦੀ ਜਾ ਰਹੀ ਹੈ, ਜਿਸ ਦੇ ਮੱਦੇਨਜ਼ਰ ਸੂਬੇ ਸਰਕਾਰ ਵੱਲੋਂ ਹਫਤਾਵਾਰੀ ਭਾਵ ਸ਼ਨੀਵਾਰ ਅਤੇ ਐਤਵਾਰ ਨੂੰ ਕਰਫਿਊ ਸਖਤੀ ਨਾਲ ਲਾਇਆ ਜਾ ਰਿਹਾ ਹੈ। ਇਸ ਦਾ ਅਸਰ ਅੱਜ ਭਾਵ ਐਤਵਾਰ ਨੂੰ ਸ਼ਹਿਰ ‘ਚ ਦੇਖਣ ਨੂੰ ਮਿਲ ਰਿਹਾ ਹੈ। ਸੜਕਾਂ ਪੂਰੀ ਤਰ੍ਹਾਂ ਨਾਲ ਸੁੰਨੀਆ ਪਈਆਂ ਦਿਖਾਈ ਦਿੱਤੀਆਂ ਅਤੇ ਆਵਾਜਾਈ ਵੀ ਬਹੁਤ ਘੱਟ ਹੈ। ਇਸ ਦੌਰਾਨ ਪੁਲਿਸ ਦੀ ਮੌਜੂਦਗੀ ਵੀ ਨਾ ਦੇ ਬਰਾਬਰ ਹੀ ਦਿਸ ਰਹੀ ਹੈ।ਇਸ ਤੋਂ ਇਲਾਵਾ ਸ਼ਹਿਰ ‘ਚ ਢਾਬੇ ਅਤੇ ਰੈਸਟੋਰੈਂਟ ਖੋਲਣ ਦੀ ਮਨਜ਼ੂਰੀ ਦਿੱਤੀ ਗਈ ਹੈ, ਜੋ ਸ਼ਾਮ ਦੇ ਸਾਢੇ 6 ਵਜੇ ਤੱਕ ਖੁੱਲ੍ਹੇ ਰਹਿਣਗੇ। ਸ਼ਹਿਰ ਦੇ ਅੰਦਰੂਨੀ ਬਾਜ਼ਾਰਾਂ ‘ਚ ਪੂਰੀ ਤਰ੍ਹਾਂ ਨਾਲ ਸੰਨਾਟਾ ਪਸਰਿਆ ਦਿਖਾਈ ਦਿੱਤਾ। ਪੀ.ਸੀ.ਆਰ ਦੇ ਕਰਮਚਾਰੀ ਵਾਹਨਾਂ ‘ਤੇ ਸ਼ਹਿਰ ‘ਚ ਗਸ਼ਤ ਕਰ ਰਹੇ ਹਨ। ਬਾਜ਼ਾਰ ਬੰਦ ਕਰਵਾਉਣ ਦੀ ਜ਼ਿੰਮੇਵਾਰੀ ਸਬੰਧਿਤ ਥਾਣੇ ਦੀ ਫੋਰਸ ਅਤੇ ਪੀ.ਸੀ.ਆਰ ਦੀ ਡਿਊਟੀ ਲਾਈ ਗਈ ਹੈ। ਸਵੇਰ ਦੇ ਸਮੇਂ ਪੀ.ਸੀ.ਆਰ ਦੇ ਮੋਟਰਸਾਈਕਲ ਡਰਾਈਵਰ ਅਤੇ ਥਾਣਿਆਂ ਦੀ ਫੋਰਸ ਨੇ ਦੁਕਾਨਾਂ ਬੰਦ ਕਰਵਾਈਆਂ ਹਨ। ਸ਼ਹਿਰ ‘ਚ ਸੜਕਾਂ ‘ਤੇ ਪੁਲਿਸ ਦੇ ਨਾਕੇ ਵੀ ਘੱਟ ਹੀ ਦਿਖਾਈ ਦਿੱਤੇ ਹਨ।
ਦੱਸਣਯੋਗ ਹੈ ਕਿ ਹੁਣ ਤਕ ਜ਼ਿਲੇ ‘ਚ 8508 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ, ਜਦਕਿ ਇਨ੍ਹਾਂ ‘ਚੋਂ 304 ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਬਾਹਰੀ ਜ਼ਿਲਿਆਂ ਅਤੇ ਸੂਬਿਆਂ ਆਦਿ ਤੋਂ ਸਥਾਨਕ ਹਸਪਤਾਲਾਂ ‘ਚ ਇਲਾਜ ਲਈ ਭਰਤੀ ਹੋਣ ਵਾਲੇ ਮਰੀਜ਼ਾਂ ‘ਚੋਂ 859 ਪਾਜ਼ੇਟਿਵ ਆ ਚੁੱਕ ਹਨ, ਜਦਕਿ ਇਨ੍ਹਾਂ ‘ਚੋਂ 69 ਦੀ ਮੌਤ ਹੋ ਚੁੱਕੀ ਹੈ। ਜ਼ਿਲੇ ‘ਚ 2258 ਐਕਟਿਵ ਮਰੀਜ਼ ਦੱਸੇ ਜਾਂਦੇ ਹਨ, ਜਦਕਿ 6044 ਮਰੀਜ਼ ਠੀਕ ਹੋ ਚੁੱਕੇ ਹਨ।