weekend lockdown police chalan: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਵੀਕੈਂਡ ਕਰਫਿਊ ਦੇ ਬਾਵਜੂਦ ਵੀ ਲੋਕ ਸੜਕਾਂ ‘ਤੇ ਘੁੰਮਦੇ ਨਜ਼ਰ ਆਏ ਪਰ ਜਦੋਂ ਪੁਲਿਸ ਨੇ ਇਨ੍ਹਾਂ ਨੂੰ ਫੜ੍ਹਨ ਲੱਗੀ ਤਾਂ ਅਜਿਹੇ ਲੋਕਾਂ ਦੀ ਝੜੀ ਲੱਗ ਗਈ। ਕੁਝ ਨੇ ਜਾਇਜ਼ ਕਾਰਨ ਦੱਸੇ ਅਤੇ ਕੁਝ ਦੇ ਬਹਾਨੇ ਤਾਂ ਹਵਾ-ਹਵਾਈ ਨਜ਼ਰ ਆਏ, ਜਿਨ੍ਹਾਂ ਖਿਲਾਫ ਕਾਰਵਾਈ ਕੀਤੀ ਗਈ। ਇਸ ਦੇ ਨਾਲ ਤਾਂ ਕੁਝ ਲੋਕ ਪੁਲਿਸ ਮੁਲਾਜ਼ਮਾਂ ਦੇ ਨਾਲ ਉਲਝਦੇ ਨਜ਼ਰ ਵੀ ਆਏ, ਕਿਉਂਕਿ ਉਨ੍ਹਾਂ ਨੂੰ ਮਾਸਕ ਪਹਿਨਣ ਦੇ ਲਈ ਕਿਹਾ ਗਿਆ ਸੀ।
ਦੱਸਣਯੋਗ ਹੈ ਕਿ ਬੀਤੇ ਦਿਨ ਭਾਵ ਐਤਵਾਰ ਨੂੰ ਨਾਕਿਆਂ ਦੀ ਗਿਣਤੀ 115 ਕਰ ਦਿੱਤੀ ਗਈ ਸੀ ਅਤੇ ਲਗਭਗ 600 ਦੇ ਕਰੀਬ ਮੁਲਾਜ਼ਮਾਂ ਨੂੰ ਨਾਕਿਆਂ ‘ਤੇ ਤਾਇਨਾਤ ਕੀਤਾ ਗਿਆ ਜਦਕਿ ਬਾਕੀ ਦੇ ਮੁਲਾਜ਼ਮਾਂ ਨੂੰ ਓਡ-ਈਵਨ ਨੰਬਰਾਂ ਦੀ ਮਾਰਕਿੰਗ ਲਈ ਜੁਟਾਇਆ ਗਿਆ। ਏ.ਡੀ.ਸੀ.ਪੀ-1 ਦੀਪਕ ਪਾਰਿਕ ਨੇ ਹੀ ਸਿਰਫ ਆਪਣੇ ਜ਼ੋਨ ‘ਚ 6491 ਦੁਕਾਨਾਂ ਦੀ ਮਾਰਕਿੰਗ ਕਰਵਾਈ। ਇਸ ਦੇ ਨਾਲ ਸ਼ਹਿਰ ‘ਚ ਵੱਖ-ਵੱਖ ਥਾਵਾਂ ‘ਚ ਨਾਕਾਬੰਦੀ ਹੋਈ ਅਤੇ ਫੁੱਟ ਮੂਵਮੈਂਟ ‘ਚ ਪੁਲਿਸ ਨੇ 70 ਤੋਂ ਜ਼ਿਆਦਾ ਲੋਕਾਂ ਦੇ ਚਾਲਾਨ ਕੱਟੇ, ਜਿਸ ‘ਚ ਮਾਸਕ ਅਤੇ ਸੋਸ਼ਲ ਡਿਸਟੈਂਸਿੰਗ ਸ਼ਾਮਿਲ ਰਹੇ।
ਜ਼ਿਕਰਯੋਗ ਹੈ ਕਿ ਸੂਬੇ ਭਰ ‘ਚ ਕੋਰੋਨਾ ਵਾਇਰਸ ਕਾਰਨ ਪੈਦਾ ਹੋਈ ਸਥਿਤੀ ਨੂੰ ਕੰਟਰੋਲ ਕਰਨ ਲਈ ਸਰਕਾਰ ਵੱਲੋਂ ਲਗਾਤਾਰ ਉਚ ਕਦਮ ਚੁੱਕੇ ਜਾ ਰਹੇ ਹਨ। ਇਸ ਦੇ ਮੱਦੇਨਜ਼ਰ ਲੁਧਿਆਣਾ ਜ਼ਿਲ੍ਹੇ ‘ਚ ਵੀ ਸ਼ਨੀਵਾਰ ਅਤੇ ਐਤਵਾਰ ਨੂੰ ਹਫਤਾਵਾਰੀ ਕਰਫਿਊ ਲਾਇਆ ਗਿਆ। ਇਸ ਦੌਰਾਨ ਸੜਕਾਂ ਅਤੇ ਬਾਜ਼ਾਰਾਂ ‘ਚ ਸੁੰਨ ਪਸਰੀ ਸੀ ਪਰ ਕਈ ਥਾਵਾਂ ‘ਤੇ ਬਿਨਾਂ ਕਾਰਨ ਲੋਕ ਘਰੋਂ ਬਾਹਰ ਨਿਕਲੇ ਸੀ, ਜਿਨ੍ਹਾਂ ‘ਤੇ ਪੁਲਿਸ ਨੇ ਸ਼ਿਕੰਜਾ ਕੱਸਦੇ ਹੋਏ ਚਾਲਾਨ ਵੀ ਕੱਟੇ। ਦੱਸ ਦੇਈਏ ਕਿ ਜ਼ਿਲ੍ਹੇ ‘ਚ ਖਤਰਨਾਕ ਕੋਰੋਨਾਵਾਇਰਸ ਦੇ ਕਾਰਨ ਬੀਤੇ ਦਿਨ ਭਾਵ ਐਤਵਾਰ ਨੂੰ ਜ਼ਿਲ੍ਹੇ ‘ਚ 260 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ, ਜਿਨ੍ਹਾਂ ‘ਚੋਂ 242 ਲੁਧਿਆਣਾ ਦੇ ਅਤੇ ਬਾਕੀ ਹੋਰ ਜ਼ਿਲ੍ਹਿਆਂ ਦੇ ਹਨ ਜਦਕਿ ਐਤਵਾਰ ਨੂੰ 9 ਲੋਕਾਂ ਨੇ ਦਮ ਵੀ ਤੋੜ ਦਿੱਤਾ ਹੈ।