accused attacked pcr sharp weapons: ਲੁਧਿਆਣਾ (ਤਰਸੇਮ ਭਾਰਦਵਾਜ)- ਸ਼ਹਿਰ ‘ਚ ਬੇਖੌਫ ਬਦਮਾਸ਼ਾਂ ਨੂੰ ਤਾਂ ਹੁਣ ਪੁਲਿਸ ਮਹਿਕਮੇ ਦਾ ਵੀ ਖੌਫ ਨਹੀਂ ਰਿਹਾ ਹੈ। ਹੁਣ ਇਨ੍ਹਾਂ ਬਦਮਾਸ਼ਾਂ ਨੇ ਪੁਲਿਸ ਨੂੰ ਵੀ ਹੱਥ ਪਾਉਣਾ ਸ਼ੁਰੂ ਕਰ ਦਿੱਤਾ ਹੈ। ਜੀ ਹਾਂ ਮਾਮਲਾ ਫਿਰ ਇਕ ਵਾਰ ਇੱਥੋ ਦੇ ਡਾਬਾ ਇਲਾਕੇ ਤੋਂ ਸਾਹਮਣੇ ਆਇਆ ਹੈ ਜਿੱਥੇ ਦੇਰ ਰਾਤ ਕੁਝ ਬਦਮਾਸ਼ਾਂ ਨੇ ਪੁਲਿਸ ਦੇ ਮੁਲਾਜ਼ਮਾਂ ‘ਤੇ ਹਮਲਾ ਕਰ ਦਿੱਤਾ। ਦੱਸ ਦੇਈਏ ਕਿ ਢਿੱਲੋ ਨਗਰ ਇਲਾਕੇ ‘ਚ ਪੀ.ਸੀ.ਆਰ ਟੀਮ ‘ਤੇ ਚਾਰ ਬਦਮਾਸ਼ਾਂ ਨੇ ਤਲਵਾਰ ਨਾਲ ਜਾਨਲੇਵਾ ਹਮਲਾ ਕਰ ਦਿੱਤਾ। ਪੁਲਿਸ ਮੁਲਾਜ਼ਮਾਂ ਨੂੰ ਜ਼ਖਮੀ ਕਰ ਬਦਮਾਸ਼ਾਂ ਨੇ ਸਰਕਾਰੀ ਕਾਰਬਾਈਨ ਖੋਹਣ ਦੀ ਕੋਸ਼ਿਸ਼ ਕੀਤੀ ਅਤੇ ਧੱਕਾ-ਮੁੱਕੀ ਕਰਕੇ ਉਨ੍ਹਾਂ ਦੀ ਵਰਦੀ ਵੀ ਪਾੜ ਦਿੱਤੀ। ਲੋਕਾਂ ਦਾ ਇੱਕਠ ਹੁੰਦਾ ਦੇਖ ਕੇ ਦੋਸ਼ੀ ਮੋਟਰਸਾਈਕਲ ਛੱਡ ਕੇ ਫਰਾਰ ਹੋ ਗਏ। ਬਾਅਦ ‘ਚ ਥਾਣਾ ਡਾਬਾ ਪੁਲਿਸ ਨੇ 2 ਦੋਸ਼ੀਆਂ ਨੂੰ ਗ੍ਰਿਫਤਾਰ ਵੀ ਕਰ ਲਿਆ ਅਤੇ ਫਰਾਰ ਹੋਏ ਬਦਮਾਸ਼ਾਂ ਦੀ ਭਾਲ ਜਾਰੀ ਹੈ। ਇੰਸਪੈਕਟਰ ਪਵਿੱਤਰ ਸਿੰਘ ਨੇ ਦੱਸਿਆ ਹੈ ਕਿ ਫੜ੍ਹੇ ਗਏ ਦੋਸ਼ੀਆਂ ਦੀ ਪਹਿਚਾਣ ਪਿੰਡ ਲੁਹਾਰਾ ਨਿਵਾਸ ਇੰਦਰ ਸਿੰਘ ਅਤੇ ਗੁਰਵਿੰਦਰ ਸਿੰਘ ਦੇ ਨਾਂ ਨਾਲ ਹੋਈ ਹੈ ਜਦਕਿ ਈਸ਼ਰ ਨਗਰ ਨਿਵਾਸੀ ਸਤਨਾਮ ਸਿੰਘ ਅਤੇ ਡਾਬਾ ਦੇ ਢਿੱਲੋ ਨਗਰ ਨਿਵਾਸੀ ਹਿੰਦਾ ਦੀ ਪੁਲਿਸ ਭਾਲ ਕਰ ਰਹੀ ਹੈ।
ਇਸ ਮਾਮਲੇ ਸਬੰਧੀ ਏ.ਐੱਸ.ਆਈ. ਰਜਿੰਦਰਪਾਲ ਨੇ ਦੱਸਿਆ ਕਿ ਉਹ ਪੀ.ਸੀ.ਆਰ. ਮੋਟਰਸਾਈਕਲ ਨੰ. 31 ‘ਤੇ ਕਾਂਸਟੇਬਲ ਜਗਦੀਪ ਸਿੰਘ ਨਾਲ ਤਾਇਨਾਤ ਹਨ। ਐਤਵਾਰ ਦੀ ਰਾਤ ਉਨ੍ਹਾਂ ਨੂੰ ਕੰਟਰੋਲ ਰੂਮ ਤੋਂ ਕਾਲ ਆਈ ਸੀ ਕਿ ਬਸੰਤ ਨਗਰ ਇਲਾਕੇ ਤੋਂ ਗੁਰਪ੍ਰੀਤ ਕੌਰ ਦੀ ਕਾਲ ਆਈ ਹੈ ਕਿ ਜਿਸ ਦੇ ਘਰ ਦੇ ਬਾਹਰ ਕੁਝ ਨੌਜਵਾਨ ਹੁੱਲੜਬਾਜ਼ੀ ਕਰ ਰਹੇ ਹਨ। ਇਸ ਤੋਂ ਬਾਅਦ ਉਹ ਮੋਟਰਸਾਈਕਲ ‘ਤੇ ਮੌਕੇ ‘ਤੇ ਗਿਆ ਤਾਂ ਉਥੇ ਦੋ ਮੋਟਰਸਾਈਕਲਾਂ ‘ਤੇ 4 ਨੌਜਵਾਨ ਸਨ, ਜਿਨ੍ਹਾਂ ਦੇ ਹੱਥ ‘ਚ ਤੇਜ਼ਧਾਰ ਹਥਿਆਰ ਸਨ। ਉਹ ਪੁਲਸ ਨੂੰ ਦੇਖ ਕੇ ਹਥਿਆਰ ਲਹਿਰਾਉਂਦੇ ਹੋਏ ਢਿੱਲੋਂ ਨਗਰ ਵੱਲ ਭੱਜੇ।
ਏ.ਐੱਸ.ਆਈ. ਰਜਿੰਦਰਪਾਲ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪਿੱਛਾ ਕੀਤਾ। ਢਿੱਲੋਂ ਨਗਰ ‘ਚ ਇਕ ਮੋਟਰਸਾਈਕਲ ਸਲਿੱਪ ਕਰ ਗਿਆ। ਉਸ ਮੋਟਰਸਾਈਕਲ ‘ਤੇ ਇੰਦਰ ਅਤੇ ਗੁਰਵਿੰਦਰ ਸਨ, ਜਿਨ੍ਹਾਂ ਨੇ ਉਨ੍ਹਾਂ ਨੂੰ ਦੇਖ ਕੇ ਤਲਵਾਰ ਕੱਢੀ ਅਤੇ ਹਮਲਾ ਕਰ ਦਿੱਤਾ। ਮੁਲਜ਼ਮਾਂ ਨੇ ਉਸ ਦੇ ਹੱਥ ਅਤੇ ਹੋਰ ਥਾਵਾਂ ‘ਤੇ ਹਥਿਆਰ ਨਾਲ ਹਮਲਾ ਕੀਤਾ। ਇਸ ਦੌਰਾਨ ਉਸ ਨਾਲ ਮੌਜੂਦ ਮੁਲਾਜ਼ਮ ਜਗਦੀਪ ਸਿੰਘ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਬਾਕੀ ਦੂਜੇ ਮੁਲਜ਼ਮਾਂ ਨੇ ਉਸ ਨੂੰ ਫੜ ਲਿਆ ਅਤੇ ਉਸ ਨਾਲ ਵੀ ਕੁੱਟਮਾਰ ਕੀਤੀ। ਜਦ ਇਸ ਦੌਰਾਨ ਨੇੜੇ ਦੇ ਲੋਕ ਇਕੱਠੇ ਹੋਏ ਤਾਂ ਉਹ ਭੱਜ ਨਿਕਲੇ। ਜਾਂਚ ਅਧਿਕਾਰੀ ਏ.ਐੱਸ.ਆਈ. ਮੀਤ ਰਾਮ ਦਾ ਕਹਿਣਾ ਹੈ ਕਿ ਦੋ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ ਹੈ। ਪੁੱਛਗਿੱਛ ਕਰ ਕੇ ਬਾਕੀ ਦੋਵੇਂ ਫਰਾਰਾਂ ਬਾਰੇ ਪਤਾ ਲਗਾਇਆ ਜਾ ਰਿਹਾ ਹੈ।