Fielding coach Dishant Yagnik: ਨਵੀਂ ਦਿੱਲੀ: 19 ਸਤੰਬਰ ਤੋਂ UAE ਵਿੱਚ ਹੋਣ ਜਾ ਰਹੇ IPL ਤੋਂ ਪਹਿਲਾਂ ਰਾਜਸਥਾਨ ਰਾਇਲਜ਼ ਟੀਮ ਲਈ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ। ਉਨ੍ਹਾਂ ਦੇ ਫੀਲਡਿੰਗ ਕੋਚ ਦਿਸ਼ਾਂਤ ਯਾਗਨਿਕ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਉਹ UAE ਪਹੁੰਚ ਗਏ ਹਨ। ਟੂਰਨਾਮੈਂਟ ਵਿੱਚ ਸ਼ਾਮਿਲ ਹੋਣ ਤੋਂ ਪਹਿਲਾਂ ਰਾਜਸਥਾਨ ਰਾਇਲਜ਼ ਟੀਮ ਦੇ ਫੀਲਡਿੰਗ ਕੋਚ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ । ਜਿਸ ਤੋਂ ਬਾਅਦ ਉਹ 14 ਦਿਨਾਂ ਤੱਕ ਆਈਸੋਲੇਸ਼ਨ ਵਿੱਚ ਰਹੇ ਸਨ।
ਦਰਅਸਲ, ਰਾਜਸਥਾਨ ਰਾਇਲਜ਼ ਦੀ ਟੀਮ ਵੱਲੋਂ ਸੋਸ਼ਲ ਮੀਡੀਆ ‘ਤੇ ਇਹ ਜਾਣਕਾਰੀ ਦਿੱਤੀ ਗਈ ਹੈ ਕਿ 37 ਸਾਲਾਂ ਫੀਲਡਿੰਗ ਕੋਚ ਦਿਸ਼ਾਂਤ ਯਾਗਨਿਕ ਨੂੰ ਕੋਰੋਨਾ ਲਾਗ ਲੱਗਣ ਤੋਂ ਬਾਅਦ ਟੀਮ ਦੇ ਨਾਲ UAE ਨਹੀਂ ਲਿਜਾਇਆ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਘਰ ਵਿੱਚ ਆਈਸੋਲੇਸ਼ਨ ਵਿੱਚ ਰੱਖਿਆ ਗਿਆ। ਰਾਜਸਥਾਨ ਰਾਇਲਜ਼ ਦੀ ਟੀਮ ਵੱਲੋਂ ਦੱਸਿਆ ਗਿਆ ਹੈ ਕਿ 14 ਦਿਨਾਂ ਦੇ ਆਈਸੋਲੇਸ਼ਨ ਤੋਂ ਬਾਅਦ ਦਿਸ਼ਾਂਤ ਦਾ 2 ਕੋਰੋਨਾ ਟੈਸਟ ਨੈਗੇਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ UAE ਭੇਜਿਆ ਗਿਆ ਹੈ।
ਹਾਲਾਂਕਿ, UAE ਪਹੁੰਚਣ ਤੋਂ ਬਾਅਦ ਰਾਜਸਥਾਨ ਰਾਇਲਜ਼ ਟੀਮ ਦੇ ਫੀਲਡਿੰਗ ਕੋਚ ਦਿਸ਼ਾਂਤ ਸਿੱਧੇ ਤੌਰ ‘ਤੇ ਟੀਮ ਨਾਲ ਜੁੜ ਨਹੀਂ ਸਕੇ ਹਨ। ਉਨ੍ਹਾਂ ਨੂੰ ਹੁਣ 6 ਦਿਨਾਂ ਲਈ ਆਈਸੋਲੇਸ਼ਨ ਵਿੱਚ ਰੱਖਿਆ ਗਿਆ ਹੈ। ਜਿਸ ਦੌਰਾਨ ਉਨ੍ਹਾਂ ਦੇ 3 ਕੋਰੋਨਾ ਟੈਸਟ ਕੀਤੇ ਜਾਣਗੇ । ਜਿਨ੍ਹਾਂ ਦੇ ਨੈਗੇਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ ਟੀਮ ਵਿੱਚ ਸ਼ਾਮਿਲ ਕੀਤਾ ਜਾਵੇਗਾ।
ਦੱਸ ਦੇਈਏ ਕਿ ਇਸ ਸਾਲ ਪੂਰੇ ਦੇਸ਼ ਵਿੱਚ ਕੋਰੋਨਾ ਦੀ ਲਾਗ ਫੈਲਣ ਕਾਰਨ IPL UAE ਵਿੱਚ ਕਰਵਾਇਆ ਜਾ ਰਿਹਾ ਹੈ। ਇੱਥੇ ਆਈਪੀਐਲ ਦਾ 13ਵਾਂ ਸੀਜ਼ਨ 19 ਸਤੰਬਰ ਤੋਂ 10 ਨਵੰਬਰ ਦੇ ਵਿਚਕਾਰ ਹੋਵੇਗਾ। ਜਿਸ ਦੇ ਲਈ ਸਾਰੀਆਂ ਟੀਮਾਂ UAE ਪਹੁੰਚ ਗਈਆਂ ਹਨ। ਜਿੱਥੇ ਉਨ੍ਹਾਂ ਨੂੰ ਬਾਇਓ ਬੱਬਲ ਦੇ ਸੁਰੱਖਿਆ ਚੱਕਰ ਵਿੱਚ ਰੱਖਿਆ ਗਿਆ ਹੈ।