Tragic death of a young man : ਜਲੰਧਰ ਵਿਖੇ ਸ਼ਰਾਬ ਦੇ ਪੈਸੇ ਨਾ ਦੇਣ ਨੂੰ ਲੈ ਕੇ ਹੋਈ ਇਕ ਬਹਿਸ ਦੌਰਾਨ ਇਕ ਨੌਜਵਾਨ ਨੂੰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਬਾਅਦ ਦੋਸ਼ੀਆਂ ਨੇ ਨੌਜਵਾਨ ਨੂੰ ਛੱਤ ਤੋਂ ਹੇਠਾਂ ਸੁੱਟ ਦਿੱਤਾ, ਜਿਸ ਨਾਲ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਤੇ ਉਸ ਦੀ ਮੌਤ ਹੋ ਗਈ। ਇਸ ਸਬੰਧੀ ਥਾਣਾ ਭਾਰਗੋ ਵਿਚ ਮਾਮਲਾ ਦਰਜ ਕਰ ਲਿਆ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਕ ਸ਼ੁੱਕਰਵਾਰ ਨੂੰ ਕਾਲਾ ਸੰਘਿਆ ਰੋਡ ’ਤੇ ਸਥਿਤ ਈਸਵਰ ਕਾਲੋਨੀ ਦੇ ਮਕਾਨ ਨੰਬਰ 17 ਵਿਚ ਰਹਿਣ ਵਾਲੇ ਸੌਰਵ ਪੁੱਤਰ ਤਰਸੇਮ ਲਾਲ ਦੀ ਦੀਪਕ ਸੋਂਧੀ ਪੁੱਤਰ ਰਮੇਸ਼ ਚੰਦਰ ਨਿਵਾਸੀ ਈਸ਼ਵਰ ਨਗਰ ਨਾਲ ਸ਼ਰਾਬ ਦੇ ਪੈਸੇ ਨਾ ਦੇਣ ’ਤੇ ਬਹਿਸ ਹੋ ਗਈ, ਜਿਸ ’ਤੇ ਦੀਪਕ ਨੇ ਉਸ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਉਸ ਤੋਂ ਬਾਅਦ ਉਸ ਨੂੰ ਛੱਤ ਤੋਂ ਹੇਠਾਂ ਸੁੱਟ ਦਿੱਤਾ, ਜਿਸ ਨਾਲ ਸੌਰਵ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਉਸ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ ਜਿਥੇ ਬਾਅਦ ਵਿਚ ਉਸ ਦੀ ਮੌਤ ਹੋ ਗਈ। ਦੀਪਕ ਦੇ ਨਾਲ ਉਸ ਦਾ ਕਿਰਾਏਦਾਰ ਲੱਕੀ ਅਤੇ ਇਕ ਹੋਰ ਨੌਜਵਾਨ ਵੀ ਸੀ।
ਥਾਣਾ ਭਾਰਗੋ ਦੇ ਐਸਐਚਓ ਭਗਵੰਤ ਭੁੱਲਰ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਤਰਸੇਮ ਲਾਲ ਦੇ ਬਿਆਨਾਂ ਦੇ ਆਧਾਰ ’ਤੇ ਪਹਿਲਾਂ ਹੀ ਮਾਮਲਾ ਦਰਜ ਕਰ ਲਿਆ ਗਿਆ ਸੀ। ਸੌਰਵ ਦੀ ਮੌਤ ਹੋਣ ਤੋਂ ਬਾਅਦ ਹੁਣ ਇਸ ਵਿਚ ਕਤਲ ਦੀ ਧਾਰਾ 302 ਜੋੜ ਦਿੱਤੀ ਗਈ ਹੈ। ਪੋਸਟਮਾਰਟਮ ਕਰਵਾ ਕੇ ਲਾਸ਼ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਪੁਲਿਸ ਵੱਲੋਂ ਦੋਸ਼ੀ ਦੀਪਕ ਨੂੰ ਜੈਨਾ ਨਗਰ ਬਸਤੀ ਸ਼ੇਖ ਦੇ ਸ਼ਮਸ਼ਾਨਘਾਟ ਦੇ ਨੇੜਿਓਂ ਆਪਣੇ ਇਕ ਦੋਸਤ ਦੀ ਉਡੀਕ ਕਰਦਿਆਂ ਕਾਬੂ ਕਰ ਲਿਆ ਗਿਆ। ਉਹ ਆਪਣੇ ਦੋਸਤ ਕੋਲੋਂ ਪੈਸੇ ਲੈ ਕੇ ਦਿੱਲੀ ਫਰਾਰ ਹੋਣ ਦੀ ਫਿਰਾਕ ਵਿਚ ਸੀ। ਇਸ ਦੇ ਨਾਲ ਹੀ ਪੁਲਿਸ ਨੇ ਵਾਰਦਾਤ ਵਿਚ ਇਸਤੇਮਾਲ ਕੀਤਾ ਤੇਜ਼ਧਾਰ ਹਥਿਆਰ ਵੀ ਉਸ ਕੋਲੋਂ ਬਰਾਮਦ ਕਰ ਲਿਆ ਹੈ।