machhiwara bdpo corona positive: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਹੁਣ ਮਾਛੀਵਾੜਾ ਦੇ ਬੀ.ਡੀ.ਪੀ.ਓ ਦਫਤਰ ‘ਚ ਕੋਰੋਨਾਵਾਇਰਸ ਨੇ ਦਸਤਕ ਦੇ ਦਿੱਤੀ ਹੈ।ਮਿਲੀ ਜਾਣਕਾਰੀ ਮੁਤਾਬਕ ਮਾਛੀਵਾੜਾ ਬਲਾਕ ਪੰਚਾਇਤ ਦਫ਼ਤਰ ‘ਚ ਮਹਿਲਾ ਬੀ.ਡੀ.ਪੀ.ਓ ਸਮੇਤ 4 ਮੁਲਾਜ਼ਮ ਕੋਰੋਨਾ ਪਾਜ਼ੇਟਿਵ ਪਾਏ ਗਏ। ਇਸ ਦੇ ਨਾਲ 5 ਹੋਰ ਵੱਖ-ਵੱਖ ਥਾਵਾਂ ਤੋਂ ਵੀ ਕੋਰੋਨਾ ਪਾਜ਼ੀਟਿਵ ਕੇਸਾਂ ਦੀ ਪੁਸ਼ਟੀ ਹੋਈ। ਇਸ ਦੇ ਨਾਲ ਅੱਜ ਮਾਛੀਵਾੜਾ ‘ਚ ਕੁੱਲ 9 ਮਾਮਲਿਆਂ ਦੀ ਪੁਸ਼ਟੀ ਹੋਈ ਹੈ।
ਦੱਸਣਯੋਗ ਹੈ ਕਿ ਮਾਛੀਵਾੜਾ ਦੇ ਬਲਾਕ ਪੰਚਾਇਤ ਦਫਤਰ ‘ਚ ਕੋਰੋਨਾ ਪਾਜ਼ੀਟਿਵ ਕੇਸ ਸਾਹਮਣੇ ਆਉਣ ਤੋਂ ਬਾਅਦ ਦਫਤਰ ਨੂੰ ਲੋਕਾਂ ਦੇ ਆਉਣ ਜਾਣ ਲਈ ਬੰਦ ਕਰ ਦਿੱਤਾ ਗਿਆ ਹੈ। ਸਿਹਤ ਵਿਭਾਗ ਦੀ ਟੀਮ ਵੱਲੋਂ ਤਾਇਨਾਤ ਸਾਰੇ ਮੁਲਾਜ਼ਮ ਅਤੇ ਅਧਿਕਾਰੀਆਂ ਦੇ ਕੋਰੋਨਾ ਰੈਪਿਡ ਟੈਸਟ ਕੀਤੇ ਜਾ ਰਹੇ ਹਨ, ਜਿਸ ‘ਚ ਮਹਿਲਾ ਬੀ.ਡੀ.ਪੀ.ਓ, ਇਕ ਪੰਚਾਇਤ ਵਿਭਾਗ ਦਾ ਪਟਵਾਰੀ ਅਤੇ 2 ਹੋਰ ਅਧਿਕਾਰੀ ਪਾਜ਼ੀਟਿਵ ਮਿਲੇ। ਇਸ ਤੋਂ ਇਲਾਵਾ ਸਿਹਤ ਕੇਂਦਰ ਦੀ ਟੀਮ ਦਾ ਇਕ ਮੁਲਾਜ਼ਮ, 2 ਕੇਸ ਭੱਟੀਆਂ ਦੀ ਧਾਗਾ ਫੈਕਟਰੀ, ਇਕ ਪਿੰਡ ਟਾਂਡਾ ਕੁਸ਼ਲ ਤੇ ਇਕ ਮਾਛੀਵਾੜਾ ਸ਼ਹਿਰ ਨਾਲ ਸਬੰਧਿਤ ਹੈ।
ਜ਼ਿਕਰਯੋਗ ਹੈ ਕਿ ਮਾਛੀਵਾੜਾ ਇਲਾਕੇ ‘ਚ ਕੋਰੋਨਾ ਪਾਜ਼ੇਟਿਵ ਕੇਸਾਂ ਦਾ ਅੰਕੜਾ ਲਗਭਗ 130 ਤੱਕ ਪਹੁੰਚ ਗਿਆ ਹੈ ਜਦਕਿ ਹੁਣ ਤਕ 3 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।ਇਹ ਵੀ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਕਿ ਹੁਣ ਤੱਕ ਜ਼ਿਲ੍ਹੇ ਭਰ ‘ਚੋਂ 10039 ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ‘ਚੋਂ 7927 ਮਰੀਜ਼ ਠੀਕ ਹੋ ਚੁੱਕੇ ਹਨ ਅਤੇ 2455 ਸਰਗਰਮ ਮਾਮਲੇ ਹਨ। ਜ਼ਿਲ੍ਹੇ ਭਰ ‘ਚੋਂ 393 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹੁਣ ਤੱਕ ਜ਼ਿਲ੍ਹੇ ‘ਚੋਂ 1,21,909 ਸੈਂਪਲ ਲਏ ਜਾ ਚੁੱਕੇ ਹਨ। ਇਹ ਵੀ ਦੱਸਿਆ ਜਾਂਦਾ ਹੈ ਕਿ ਮੌਜੂਦਾ ਸਮੇਂ ਦੌਰਾਨ 6019 ਲੋਕਾਂ ਨੂੰ ਇਕਾਂਤਵਾਸ ਕੀਤਾ ਗਿਆ ਹੈ ਅਤੇ ਹੁਣ ਤੱਕ ਕੁੱਲ 34159 ਲੋਕਾਂ ਇਕਾਂਤਵਾਂਸ ਕੀਤੇ ਗਏ ਹਨ।