Baba tricked the girl : ਪਟਿਆਲਾ ਵਿਖੇ ਬੀਤੇ ਸ਼ਨੀਵਾਰ ਨੂੰ ਇਕ ਪੁੱਛਾਂ ਦੇਣ ਵਾਲੇ ਬਾਬੇ ਨੇ ਆਪਣੇ ਸਾਥੀਆਂ ਦੇ ਸਹਿਯੋਗ ਨਾਲ ਔਰਤਾਂ ਨੂੰ ਪਹਿਲਾਂ ਤਾਂ ਅਮੀਰ ਬਣਨ ਦਾ ਝਾਂਸਾ ਦੇ ਕੇ ਆਪਣੇ ਕੋਲ ਬੁਲਾਇਆ ਅਤੇ ਫਿਰ ਉਨ੍ਹਾਂ ਦੇ ਨਾਲ ਆਈ ਨਾਬਾਲਗ ਲੜਕੀ ਨਾਲ ਸਰੀਰਕ ਸਬੰਧ ਬਣਾਉਣ ਦੀ ਕੋਸ਼ਿਸ਼ ਕੀਤੀ। ਲੜਕੀ ਕਿਸੇ ਤਰ੍ਹਾਂ ਆਪਣੇ ਆਪ ਨੂੰ ਬਚਾ ਕੇ ਉਥੋਂ ਨਿਕਲੀ। ਪੁਲਿਸ ਵੱਲੋਂ ਇਸ ਮਾਮਲੇ ਵਿੱਚ ਕਥਿਤ ਬਾਬੇ ਸਣੇ 6 ਹੋਰ ਲੋਕਾਂ ਖਿਲਾਫ ਜਬਰ-ਜ਼ਿਨਾਹ ਅਤੇ ਪੋਕਸੋ ਐਕਟ ਦੀਆਂ ਵੱਖ-ਵੱਖ ਧਾਰਾਵਾਂ ਅਧੀਨ ਮੁਕੱਦਮਾ ਦਰਜ ਕਰੇਕ ਉਨ੍ਹਾਂ ਵਿੱਚੋਂ ਬਾਬੇ ਸਣੇ 5 ਨੂੰ ਗ੍ਰਿਫਤਾਰ ਕਰ ਲਿਆ ਹੈ।
ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਮੁਖੀ ਇੰਸਪੈਕਟਰ ਰਣਬੀਰ ਸਿੰਘ ਨੇ ਦੱਸਿਆ ਕਿ ਪਟਿਆਲਾ ਰਹੀ ਰਹਿਣ ਵਾਲੀ ਨਾਬਾਲਗ ਲੜਕੀ ਅਤੇ ਉਸ ਦੀਆਂ ਰਿਸ਼ਤੇਦਾਰ ਔਰਤਾਂ ਨੇ ਉਨ੍ਹਾਂ ਨੂੰ ਸੂਚਨਾ ਦਿੱਤੀ ਕਿ ਬਾਬਾ ਹਰਜਿੰਦਰ ਸਿੰਘ ਜੋਕਿ ਪਿੰਡ ਕਕਰਾਲਾ ਦਾ ਰਹਿਣ ਵਾਲਾ ਹੈ, ਕਾਫੀ ਸਿਆਣਾ ਹੈ, ਜਿਸ ਦੀ ਉਨ੍ਹਾਂ ਨਾਲ ਜਾਣ-ਪਛਾਣ ਹੈ। ਬਾਬੇ ਨੇ ਉਨ੍ਹਾਂ ਨੂੰ 29 ਅਗਸਤ ਨੂੰ ਫੋਨ ਕਰਕੇ ਕਿਹਾ ਕਿ ਸਾਡੇ ਕੋਲ ਇਕ ਬਾਹਰੋਂ ਬਾਬਾ ਜੀ ਆਏ ਹਨ, ਜੋ ਕੁਆਰੀ ਕੁੜੀ ਨਾਲ ਦੇਵੀ ਮਾਤਾ ਨੂੰ ਪ੍ਰਸੰਨ ਕਰਕੇ ਤੁਹਾਨੂੰ ਅਮੀਰ ਬਣਾ ਦੇਣਗੇ। ਜੇਕਰ ਤੁਹਾਡੇ ਕੋਲ ਕੋਈ ਕੁਆਰੀ ਕੁੜੀ ਹੈ ਤਾਂ ਸਾਡੇ ਕੋਲ ਲੈ ਆਓ। ਬਾਬੇ ਦੀਆਂ ਗੱਲਾਂ ਵਿੱਚ ਆ ਕੇ ਉਹ ਸਮਾਣਾ ਆਉਣ ਲਈ ਤਿਆਰ ਹੋ ਗਏ ਪਰ ਕੋਈ ਸਾਧਨ ਨਾ ਹੋਣ ਦੀ ਗੱਲ ਕੀਤੀ ਤਾਂ ਬਾਬਾ ਹਰਜਿੰਦਰ ਸਿੰਘ ਨੇ ਫੋਨ ਰਾਹੀਂ ਸਾਬਕਾ ਸਰਪੰਚ ਦਰਸ਼ਨ ਸਿੰਘ ਵਾਸੀ ਪਿੰਡ ਢੱਡਰੀਆਂ ਦੇ ਨਾਲ ਖੁਦ ਕਾਰ ਵਿੱਚ ਲੈਕੇ ਜਾਣ ਦੀ ਗੱਲ ਕਹੀ। ਫਿਰ ਉਹ ਤਿੰਨੋਂ ਔਰਤਾਂ ਉਨ੍ਹਾਂ ਦੀ ਕਾਰ ਵਿੱਚ ਸਵਾਰ ਹੋ ਕੇ ਫੀਡ ਫੈਕਟਰੀ ਕੁਲਾਰਾਂ ਰੋਡ ਦੌਦੜਾ ਪਹੁੰਚ ਗਈਆਂ, ਜਿਥੇ ਹੋਰ ਲੋਕ ਪਹਿਲਾਂ ਤੋਂ ਮੌਜੂਦ ਸਨ। ਉਨ੍ਹਾਂ ਨੂੰ ਇਕ ਕਮਰੇ ਵਿੱਚ ਬਿਠਾਇਆ ਗਿਆ ਜਿਥੇ ਇਕ ਕੁਝ ਦੇਰ ਬਾਅਦ ਇਕ ਅਣਪਛਾਤਾ ਵਿਅਕਤੀ ਕਮਰੇ ਵਿੱਚ ਦਾਖਲ ਹੋਇਆ ਅਤੇ ਲੜਕੀ ਨੂੰ ਆਪਣਏ ਕੋਲ ਬਿਠਾ ਲਿਆ। ਉਸ ਨੇ ਬਾਕੀ ਸਾਰੇ ਲੋਕਾਂ ਨੂੰ ਕਮਰੇ ਤੋਂ ਬਾਹਰ ਭੇਜ ਦਿੱਤਾ ਅਤੇ ਦਰਵਾਜ਼ੇ ਨੂੰ ਅੰਦਰੋਂ ਬੰਦ ਕਰ ਲਿਆ।
ਪੀੜਤਾ ਨੇ ਦੱਸਿਆ ਕਿ ਉਸ ਨੇ ਪਹਿਲਾਂ ਉਸ ’ਤੇ ਧੂਫ ਦਿੱਤੀ ਅਤੇ ਫਿਰ ਉਸ ਨੂੰ ਕੱਪੜੇ ਲਾਹੁਣ ਲਈ ਕਿਹਾ। ਜਦੋਂ ਲੜਕੀ ਨੇ ਮਨ੍ਹਾ ਕਰ ਦਿੱਤਾ ਤਾਂ ਉਸ ਨੇ ਜ਼ਬਰਦਸਤੀ ਉਸ ਦੇ ਕੱਪੜੇ ਲਾਹ ਦਿੱਤੇ ਅਤੇ ਉਸ ਨਾਲ ਅਸ਼ਲੀਲ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਫਿਰ ਉਸ ਨਾਲ ਸਰੀਰਕ ਸਬੰਧ ਬਣਾਉਣ ਦੀ ਕੋਸ਼ਿਸ਼ ਕੀਤੀ ਗਈ, ਜਿਸ ’ਤੇ ਲੜਕੀ ਆਪਣੇ ਆਪ ਨੂੰ ਛੁਡਾ ਕੇ ਕਿਸੇ ਤਰ੍ਹਾਂ ਕੱਪੜੇ ਪਹਿਨ ਕੇ ਬਾਹਰ ਭੱਜੀ ਤੇ ਬਾਹਰ ਬੈਠੀਆਂ ਦੋਵੇਂ ਔਰਤਾ ਨੂੰ ਸਾਰੀ ਗੱਲ ਦੱਸੀ। ਇਸ ਤੋਂ ਬਾਅਦ ਉਹ ਤਿੰਨੋਂ ਫਿਰ ਕਿਸੇ ਦਿਨ ਆਉਣ ਦਾ ਬਹਾਨਾ ਬਣਾ ਕੇ ਉਥੋਂ ਨਿਕਲ ਆਈਆਂ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਲੜਕੀ ਅਤੇ ਉਕਤ ਔਰਤਾਂ ਦੇ ਬਿਆਨਾਂ ਦੇ ਆਧਾਰ ’ਤੇ ਪੁਲਿਸ ਨੇ ਦਰਸ਼ਨ ਸਿੰਘ ਨਿਵਾਸੀ ਢੱਡਰੀਆਂ (ਸੰਗਰੂਰ), ਹਰਜਿੰਦਰ ਸਿੰਘ, ਦਵਿੰਦਰਪਾਲ ਸਿੰਘ, ਨਛੱਤਰ ਸਿੰਘ ਵਾਸੀ ਪਿੰਡ ਕਕਰਾਲਾ, ਸੁਰੇਸ਼ ਕੁਮਾਰ ਵਾਸੀ ਸਮਾਣਾ ਅਤੇ ਬਾਬਾ ਅਕਰਮ ਖਾਨ ਵਾਸੀ ਯੂਪੀ ਹਾਲ ਅਬਾਦ ਨਿਵਾਸੀ ਸਨੌਰ ਅਤੇ ਅਣਪਛਾਤੇ ਵਿਅਕਤੀਆਂ ਖਿਲਾਫ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ।