Hotel prostitution business exposed : ਫਿਲੌਰ ਵਿਖੇ ਪੁਲਿਸ ਵੱਲੋਂ ਇਕ ਹੋਟਲ ਵਿੱਚ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼ ਕੀਤਾ ਗਿਆ। ਜਿਵੇਂ ਹੀ ਹੋਟਲ ਵਿੱਚ ਛਾਪੇਮਾਰੀ ਹੋਈ, ਉਥੇ ਮੌਜੂਦ ਮੁੰਡੇ-ਕੁੜੀਆਂ ਕੱਪੜੇ ਛੱਡ ਕੇ ਖੇਤਾਂ ਵਿੱਚ ਜਾ ਲੁੱਕੇ। ਉਥੇ ਨਸ਼ੇ ਅਤੇ ਜੂਏ ਦਾ ਅੱਡਾ ਵੀ ਬਣਾਇਆ ਗਿਆ ਸੀ। ਪੁਲਿਸ ਨੇ ਹੋਟਲ ਦੇ ਸੰਚਾਲਕ ਸਣੇ ਇਕ ਡਾਕਟਰ ਦੇ ਪੁੱਤਰ ਨੂੰ ਵੀ ਗ੍ਰਿਫਤਾਰ ਕੀਤਾ ਹੈ, ਜੋ ਉਥੇ ਨਸ਼ਾ ਕਰਨ ਆਉਂਦਾ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਇੰਸਪੈਕਟਰ ਕੇਵਲ ਸਿੰਘ ਨੇ ਦੱਸਿਆ ਕਿ ਫਿਲੌਰ ਤੋਂ ਜਲੰਧਰ ਵੱਲ ਜਾਣ ਵਾਲੇ ਮੁੱਖ ਨੈਸ਼ਨਲ ਹਾਈਵੇਅ ਦੇ ਨਾਲ ਬਣੇ ਇਕ ਹੋਟਲ ਵਿੱਚ ਦੇਹ ਵਪਾਰ ਦਾ ਧੰਦਾ ਚਲਾਇਆ ਜਾ ਰਿਹਾ ਸੀ। ਇਸ ਤੋਂ ਇਲਾਵਾ ਉਥੇ ਜੂਏ ਅਤੇ ਨਸ਼ੇ ਦੇ ਸ਼ੌਕੀਨ ਮੁੰਡੇ-ਕੁੜੀਆਂ ਵੀ ਆਪਣਾ ਇਹ ਸ਼ੌਂਕ ਪੂਰਾ ਕਰਨ ਆਉਂਦੇ ਸਨ। ਅਮੀਰ ਘਰਾਂ ਦੇ ਮੁੰਡੇ ਇਸ ਹੋਟਲ ਵਿੱਚ ਨਸ਼ਾ ਕਰਕੇ ਉਥੇ ਪਏ ਹੀ ਰਹਿੰਦੇ ਹਨ। ਇਸ ਬਾਰੇ ਇਕ ਗੁਪਤ ਸੂਚਨਾ ਮਿਲਣ ’ਤੇ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਨਾਲ ਇਸ ਹੋਟਲ ’ਤੇ ਛਾਪਾ ਮਾਰਿਆ ਗਿਆ ਤਾਂ ਉਥੇ ਦੇਹ ਵਪਾਰ ’ਚ ਸ਼ਾਮਲ ਕਈ ਮੁੰਡੇ-ਕੁੜੀਆਂ ਮੌਕੇ ਤੋਂ ਬਿਨਾਂ ਕੱਪੜਿਆਂ ਦੇ ਹੀ ਫਰਾਰ ਹੋ ਗਏ। ਉਹ ਨਾਲ ਲੱਗਦੇ ਖੇਤਾਂ ਵਿੱਚ ਲੁੱਕ ਗਏ, ਜਿਸ ਨਾਲ ਉਹ ਪੁਲਿਸ ਤੋਂ ਬੱਚ ਨਿਕਲਣ ਵਿੱਚ ਸਫਲ ਹੋ ਗਏ। ਗ੍ਰਿਫਤਾਰ ਕੀਤੇ ਹੋਟਲ ਸੰਚਾਲਕ ਗੁਰਮਿੰਦਰ ਸਿੰਘ ਨੇ ਦੱਸਿਆ ਕਿ ਇਸ ਹੋਟਲ ਵਿੱਚ ਡੇਢ ਸਾਲ ਪਹਿਲਾਂ 25 ਹਜ਼ਾਰ ਰੁਪਏ ਮਹੀਨੇ ਦੇ ਹਿਸਾਬ ਨਾਲ ਕਿਰਾਏ ’ਤੇ ਲਿਆ ਹੋਇਆ ਸੀ। ਉਹ ਘੰਟਿਆਂ ਦੇ ਹਿਸਾਬ ਨਾਲ ਇਸ ਦੇ ਕਮਰੇ ਕਿਰਾਏ ’ਤੇ ਦਿੰਦੇ ਸਨ, ਜਿਥੇ 800 ਰੁਪਏ ਤੇ 600 ਰੁਪਏ ਪ੍ਰਤੀ ਘੰਟੇ ਦੇ ਹਿਸਾਬ ਨਾਲ ਵਸੂਲਿਆ ਜਾਂਦਾ ਸੀ
ਇੰਸਪੈਕਟਰ ਕੇਵਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਹੋਟਲ ਦੇ ਸੰਚਾਲਕ ਗੁਰਮਿੰਦਰ ਸਿੰਘ ਪੁੱਤਰ ਕੁਲਵਿੰਦਰ ਸਿੰਘ ਵਾਸੀ ਪਿੰਡ ਬੁਰਜ ਖੇਲਾਂ ਅਤੇ ਕਮਲ ਪੁੱਤਰ ਸੁਰਿੰਦਰ ਪਾਲ ਵਾਸੀ ਪਿੰਡ ਅੱਪਰਾ ਨੂੰ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਨੇ ਪਿੰਡ ਅੱਪਰਾ ਦੇ ਰਹਿਣ ਵਾਲੇ ਇਕ ਵੈਟਰਨਰੀ ਡਾਕਟਰ ਦੇ ਪੁੱਤਰ ਕਮਲ ਨੂੰ ਵੀ ਉਥੋਂ ਨਸ਼ਾ ਕਰਦਿਆਂ ਗ੍ਰਿਫਤਾਰ ਕੀਤਾ। ਪੁਲਿਸ ਨੂੰ ਮੌਕੇ ਤੋਂ ਤਾਸ਼ ਦੀਆਂ ਡੱਬੀਆਂ ਤੇ ਹੋਰ ਵੀ ਇਤਰਾਜ਼ਯੋਗ ਸਾਮਾਨ ਮੌਕੇ ਤੋਂ ਬਰਾਮਦ ਹੋਇਆ।