website home quarantines patients: ਲੁਧਿਆਣਾ (ਤਰਸੇਮ ਭਾਰਦਵਾਜ)-ਸ਼ਹਿਰ ‘ਚ ਖਤਰਨਾਕ ਕੋਰੋਨਾਵਾਇਰਸ ਨਾਲ ਪੀੜਤ ਮਰੀਜ਼ ਜਿਹੜੇ ਘਰਾਂ ‘ਚ ਇਕਾਂਤਵਾਸ ਕੀਤੇ ਗਏ ਹਨ, ਉਨ੍ਹਾਂ ਦੀ ਸਹੂਲਤ ਲਈ ਵੈੱਬਸਾਈਟ ਲਾਂਚ ਕੀਤੀ ਗਈ ਹੈ। ਸਥਾਨਕ ਬੱਚਤ ਭਵਨ ਲੁਧਿਆਣਾ ‘ਚ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਵੱਲੋਂ ਸਾਂਝੇ ਤੌਰ ‘ਤੇ ਇਹ ਵੈੱਬਸਾਈਟ ਲਾਂਚ ਕੀਤੀ ਗਈ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ ਜਗਰਾਂਓ-ਕਮ-ਨੋਡਲ ਅਫ਼ਸਰ ਘਰ ‘ਚ ਇਕਾਂਤਵਾਸ ਸ੍ਰੀਮਤੀ ਨੀਰੂ ਕਤਿਆਲ ਗੁਪਤਾ, ਜੁਆਇੰਟ ਕਮਿਸ਼ਨਰ ਜੇ ਇਲਨਚੇਜੀਅਨ ਅਤੇ ਇਸ ਸੰਸਥਾ ਦੇ ਮੁੱਖੀ ਅਨਮੋਲ ਕਵਾਤਰਾ ਵੀ ਸ਼ਾਮਲ ਸੀ।
ਇਸ ਮੌਕੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਗਿਆ ਕਿ ਜਿਹੜੇ ਕੋਵਿਡ ਪਾਜ਼ੀਟਿਵ ਮਰੀਜ਼ ਘਰਾਂ ‘ਚ ਇਕਾਂਸਵਾਸ ਹਨ, ਉਨ੍ਹਾਂ ਦੀ ਸਹੂਲਤ ਲਈ ਜ਼ਿਲ੍ਹਾਂ ਪ੍ਰਸ਼ਾਸਨ ਨੇ ‘ਵਿਊਈ ਡੂਟ ਨਾਟ ਅਕਸੈਪਟ ਮਨੀ ਐਂਡ ਥਿੰਗਸ’ ਸੰਸਥਾ ਦੇ ਸਹਿਯੋਗ ਨਾਲ ਵੈੱਬਸਾਈਟ www.ekzaria.com ਲਾਂਚ ਕੀਤੀ ਗਈ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਜਿਹੜੇ ਮਰੀਜ਼ ਘਰਾਂ ‘ਚ ਇਕਾਂਤਵਾਸ ਹਨ, ਉਹ ਘੁੱਟਣ ਮਹਿਸੂਸ ਕਰਦੇ ਹਨ, ਉਨ੍ਹਾਂ ਨੂੰ ਹੁਣ ਘਰ ‘ਚ ਹੀ ਮਨੋਵਿਗਿਆਨਿਕ ਕੌਸਲਿੰਗ ਵੀ ਦਿੱਤੀ ਜਾਵੇਗੀ। ਇਕਾਂਸਵਾਸ ਮਰੀਜ਼ਾਂ ਲਈ ਡਾਕਟਰਾਂ ਦੀ ਸਲਾਹ ਨਾਲ ਮੈਡੀਕਲ ਕਿੱਟ ਤਿਆਰ ਕੀਤੀ ਗਈ ਹੈ, ਜਿਸ ‘ਚ 18 ਤਰ੍ਹਾਂ ਦੀਆਂ ਚੀਜ਼ਾਂ ਹੋਣਗੀਆਂ, ਜਿਵੇਂ ਕਿ ਥਰਮਾਮੀਟਰ, ਆਕਸੀਮੀਟਰ ਤੋਂ ਲੈ ਕੇ ਜ਼ਰੂਰੀ ਵਿਟਾਮਿਨ ਦੀਆਂ ਗੋਲੀਆਂ ਅਤੇ ਸਟੀਮਰ ਆਦਿ ਹੋਣਗੇ। ਇਹ ਮੈਡੀਕਲ ਕਿੱਟ 1700 ਰੁਪਏ ‘ਚ ਤਿਆਰ ਹੁੰਦੀ ਹੈ। ਜਿਹੜੇ ਮਰੀਜ਼ ਇਸ ਕਿੱਟ ਨੂੰ ਖਰੀਦਣ ‘ਚ ਅਸਮੱਰਥ ਹਨ ਉਨ੍ਹਾਂ ਨੂੰ ‘ਏਕ ਜ਼ਰੀਆ ਸੰਸਥਾ’ ਦੇ ਵਲੰਟੀਅਰਾਂ ਵੱਲੋਂ ਮੁਫਤ ਮੁਹੱਈਆ ਕਰਵਾਈ ਜਾਵੇਗੀ
ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਕਿਹਾ ਕਿ ਬਦਕਿਸਮਤੀ ਨਾਲ ਜਿਹੜਾ ਵੀ ਕੋਈ ਵਿਅਕਤੀ ਕੋਵਿਡ ਦੀ ਬਿਮਾਰੀ ਨਾਲ ਪਾਜ਼ੀਟਿਵ ਹੋ ਜਾਂਦਾ ਹੈ, ਜਿਸ ਨੂੰ ਕੋਈ ਲੱਛਣ ਨਹੀਂ ਹੁੰਦੇ ਉਨ੍ਹਾਂ ਨੂੰ ਬਿਲਕੁਲ ਵੀ ਘਬਰਾਉਣ ਦੀ ਲੋੜ ਨਹੀਂ ਹੈ। ਉਨ੍ਹਾਂ ਨੂੰ ਚਾਹੀਦਾ ਹੈ ਕਿ ਸਭ ਤੋਂ ਪਹਿਲਾਂ ਆਪਣੇ ਆਪ ਅਤੇ ਆਪਣੀ ਵਰਤੋਂ ‘ਚ ਆਉਂਣ ਵਾਲੇ ਜ਼ਰੂਰੀ ਸਮਾਨ ਨੂੰ ਆਪਣੇ ਪਰਿਵਾਰ ਤੋਂ ਅਲੱਗ ਕਮਰੇ ‘ਚ ਰੱਖ ਲਵੇ ਤਾਂ ਜੋ ਇਸ ਬਿਮਾਰੀ ਦੀ ਲਾਗ ਬਾਕੀ ਘਰ ਦੇ ਮੈਂਬਰਾਂ ਨੂੰ ਨਾ ਲੱਗ ਸਕੇ। ਉਨ੍ਹਾਂ ਕਿਹਾ ਕਿ 90 ਤੋਂ 95 ਫੀਸਦੀ ਵਿਅਕਤੀਆਂ ਨੂੰ ਇਸ ਬਿਮਾਰੀ ਦੇ ਲੱਛਣ ਨਹੀਂ ਹੁੰਦੇ ਪਰ ਉਨ੍ਹਾਂ ਦਾ ਕੋਰੋਨਾ ਟੈਸਟ ਪਾਜ਼ੀਟਿਵ ਆ ਜਾਂਦਾ ਹੈ, ਜਿਸ ਕਾਰਨ ਉਸ ਵਿਅਕਤੀ ਨੂੰ ਘੱਟੋਂ-ਘੱਟ 15 ਦਿਨ ਆਪਣੇ ਆਪ ਨੂੰ ਇਕਾਂਤਵਾਸ ਕਰਨ ਬਹੁਤ ਜ਼ਰੂਰੀ ਹੈ, ਤਾਂ ਜੋ ਘਰ ‘ਚ ਕਿਸੇ ਹੋਰ ਬਿਮਾਰੀ ਤੋਂ ਪੀੜਤ ਜਾਂ ਬਜ਼ੁਰਗਾਂ ਨੂੰ ਇਹ ਕੋਵਿਡ ਬਿਮਾਰੀ ਪ੍ਰਭਾਵਿਤ ਨਾ ਕਰ ਸਕੇ।