AAP protest post matric scholarship: ਲੁਧਿਆਣਾ (ਤਰਸੇਮ ਭਾਰਦਵਾਜ)-ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਪੈਸਿਆਂ ‘ਚ ਹੋਏ ਘੋਟਾਲੇ ਦੇ ਖਿਲਾਫ ਆਮ ਆਦਮੀ ਪਾਰਟੀ ਨੇ ਅੱਜ ਭਾਵ ਬੁੱਧਵਾਰ ਨੂੰ ਲੁਧਿਆਣਾ ਜ਼ਿਲ੍ਹੇ ‘ਚ ਪ੍ਰਦਰਸ਼ਨ ਕੀਤਾ। ਜਾਣਕਾਰੀ ਮੁਤਾਬਕ ‘ਆਪ’ ਵਰਕਰਾਂ ਨੇ ਵਿਧਾਇਕ ਸਰਬਜੀਤ ਕੌਰ ਮਾਣੂਕੇ ਦੀ ਅਗਵਾਈ ‘ਚ ਇਹ ਪ੍ਰਦਰਸ਼ਨ ਕੀਤਾ ਅਤੇ ਪੰਜਾਬ ਸਰਕਾਰ ਦੇ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਉਨ੍ਹਾਂ ਨੇ ਡੀ.ਸੀ ਦਫਤਰ ਦੇ ਬਾਹਰ ਮੰਤਰੀ ਧਰਮਸੋਤ ਦਾ ਪੁਤਲਾ ਵੀ ਫੂਕਿਆ।ਇਸ ਦੌਰਾਨ ਵਿਧਾਇਕ ਮਾਣੂਕੇ ਨੇ ਕਿਹਾ ਹੈ ਕਿ ਕਾਂਗਰਸ ਸਰਕਾਰ ਘੋਟਾਲਾ ਕਰਨ ਵਾਲੇ ਮੰਤਰੀ ਨੂੰ ਬਰਖਾਸਤ ਨਹੀਂ ਕਰ ਰਹੀ ਹੈ ਅਤੇ ਉਲਟਾ ਉਨ੍ਹਾਂ ਨੂੰ ਬਚਾਉਣ ‘ਚ ਲੱਗੀ ਹੋਈ ਹੈ। ਉਹ ਇਸ ਨੂੰ ਲੈ ਕੇ ਡੀ.ਸੀ. ਦਫਤਰ ਨੂੰ ਮੰਗ ਪੱਤਰ ਵੀ ਦੇਣਗੇ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਕਾਲੀ ਦਲ ਨੇ ਵੀ ਡੀ.ਸੀ ਦਫਤਰ ‘ਚ ਮੰਤਰੀ ਧਰਮਸੋਤ ਦਾ ਪੁਤਲਾ ਫੂਕਿਆ ਸੀ।
ਜ਼ਿਕਰਯੋਗ ਹੈ ਕਿ ਕੇਂਦਰੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਯੋਜਨਾ ਦੌਰਾਨ ਪੰਜਾਬ ‘ਚ 63.91 ਕਰੋੜ ਰੁਪਏ ਦਾ ਘੋਟਾਲਾ ਹੋਇਆ ਸੀ, ਜਿਸਦਾ ਦੋਸ਼ ਸਮਾਜਿਕ ਨਿਆਂ ਸ਼ਕਤੀ ਅਤੇ ਘੱਟ ਗਿਣਤੀ ਵਿਭਾਗ ਦੇ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਉਕਤ ਵਿਭਾਗ ਦੇ ਅਧਿਕਾਰੀਆਂ ‘ਤੇ ਲੱਗੇ ਹਨ। ਘੋਟਾਲੇ ਦੇ ਸਬੰਧ ‘ਚ ਵਿਭਾਗ ਦੇ ਐਡੀਸ਼ਨਲ ਚੀਫ ਸੈਕਟਰੀ ਕ੍ਰਿਪਾ ਸ਼ੰਕਰ ਸਰੋਜ ਨੇ ਆਪਣੀ ਜਾਂਚ ਰਿਪੋਰਟ ਮੁੱਖ ਸਕੱਤਰ ਵਿਨੀ ਮਹਾਜਨ ਨੂੰ ਭੇਜੀ ਹੈ। ਉਸ ‘ਚ ਮੰਤਰੀ ਧਰਮਸੋਤ ਅਤੇ ਵਿਭਾਗ ਦੇ ਡਿਪਟੀ ਡਾਇਰੈਕਟਰ ਵੱਲੋਂ ਕੀਤੀ ਗਈ ਅਨਿਯਮਿਤਤਾਵਾਂ ਦਾ ਜ਼ਿਕਰ ਕਰਦੇ ਹੋਏ ਇਸ ਮਾਮਲੇ ‘ਚ ਜਲਦ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ ਕਿਉਂਕਿ ਮਾਮਲਾ ਕੇਂਦਰ ਤੋਂ ਮਿਲਣ ਵਾਲੇ ਫੰਡ ਨਾਲ ਜੁੜਿਆ ਹੋਇਆ ਹੈ।