Restrictions auto bullet motorcycle: ਲੁਧਿਆਣਾ (ਤਰਸੇਮ ਭਾਰਦਵਾਜ)- ਸ਼ਹਿਰ ‘ਚ ਜੁਗਾੜੂ ਪੀਟਰ ਰੇਹੜਾ ਅਤੇ ਆਟੋ ਚਲਾਉਣ ਵਾਲੇ ਡਰਾਈਵਰ ਹੁਣ ਸਾਵਧਾਨ ਹੋ ਜਾਣ, ਕਿਉਂਕਿ ਹੁਣ ਇਨ੍ਹਾਂ ‘ਤੇ ਪੁਲਿਸ ਸ਼ਿੰਕਜ਼ਾ ਕੱਸ ਰਹੀ ਹੈ। ਇਸ ਸਬੰਧੀ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਹੈ ਕਿ ਮੋਡੀਫਾਈ ਜੁਗਾੜੂ ਰੇਹੜਿਆਂ ਦਾ ਕੋਈ ਰਜਿਸਟ੍ਰੇਸ਼ਨ ਨੰਬਰ ਨਹੀਂ ਹੁੰਦਾ। ਇਸ ਤੋਂ ਇਲਾਵਾ ਆਟੋ ਦੀ ਅਗਲੀ ਸੀਟ ‘ਤੇ ਵੀ ਸਵਾਰੀ ਬੈਠਾਉਣ ਨਾਲ ਡਰਾਈਵਰ ਨੂੰ ਪਿੱਛੇ ਆਉਣ ਵਾਲੇ ਵਾਹਨਾਂ ਦਾ ਪਤਾ ਨਹੀਂ ਲੱਗਦਾ। ਇਸ ਲਈ ਪੀਟਰ ਰੇਹੜਾ ਅਤੇ ਆਟੋ ਦੀ ਅਗਲੀ ਸੀਟ ‘ਤੇ ਸਵਾਰੀ ਬੈਠਣ ‘ਤੇ ਪੂਰੀ ਤਰ੍ਹਾਂ ਪਾਬੰਦੀ ਲਾਈ ਜਾ ਰਹੀ ਹੈ।
ਇਸ ਤੋਂ ਇਲਾਵਾ ਸ਼ਹਿਰ ‘ਚ ਬੁਲੇਟ ਮੋਟਰਸਾਈਕਲ ਦੇ ਸਾਈਲੈਂਸਰ ਬਦਲ ਕੇ ਪਟਾਕੇ ਵਜਾਉਣ ਵਾਲਿਆਂ ਅਤੇ ਮੋਟਰਸਾਈਕਲਾਂ ਦੇ ਸਾਈਲੈਂਸਰ ਬਦਲਣ ਵਾਲੇ ਦੁਕਾਨਦਾਰਾਂ ‘ਤੇ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਸੀ.ਪੀ. ਨੇ ਕਿਹਾ ਹੈ ਕਿ ਮੋਟਰਸਾਈਕਲ ‘ਤੇ ਪਟਾਕੇ ਵਜਾਉਣ ਨਾਲ ਜਿੱਥੇ ਆਵਾਜ਼ ਪ੍ਰਦੂਸ਼ਣ ਹੁੰਦਾ ਹੈ, ਉੱਥੇ ਹੀ ਸ਼ਹਿਰ ਦੇ ਬਜ਼ੁਰਗ ਨਾਗਰਿਕਾਂ ਨੂੰ ਘਬਰਾਹਟ ਹੁੰਦੀ ਹੈ। ਇਸ ਤੋਂ ਹਾਦਸੇ ਦੀ ਸੰਭਾਵਨਾ ਬਣੀ ਰਹਿੰਦੀ ਹੈ। ਇਸ ਲਈ ਇਸ ‘ਤੇ ਪਾਬੰਦੀ ਲਾਈ ਜਾ ਰਹੀ ਹੈ। ਇਸ ਤੋਂ ਇਲਾਵਾ ਨਹਿਰਾਂ ਅਤੇ ਤਾਲਾਬਾਂ ‘ਚ ਨਹਾਉਣ ਵਾਲਿਆਂ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਵੇਗੀ।