asha workers protest civil hospital: ਲੁਧਿਆਣਾ (ਤਰਸੇਮ ਭਾਰਦਵਾਜ)- ਜ਼ਿਲ੍ਹੇ ‘ਚ ਆਸ਼ਾ ਵਰਕਰਾਂ ਵੱਲੋਂ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਵੱਖ-ਵੱਖ ਤਰੀਕਿਆਂ ਨਾਲ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਅੱਜ ਭਾਵ ਸ਼ੁੱਕਰਵਾਰ ਨੂੰ ਆਸ਼ਾ ਵਰਕਰ ਸਿਵਲ ਹਸਪਤਾਲ ਪਹੁੰਚੀਆਂ, ਜਿੱਥੇ ਉਨ੍ਹਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਕੀਤੀ ਗਈ ਭੁੱਖ ਹੜਤਾਲ ਦੌਰਾਨ ਖਾਲੀ ਡੱਬੇ ਵਜਾ ਕੇ ਰੋਸ ਜਤਾਇਆ। ਇਸ ਦੌਰਾਨ ਲਗਭਗ 1 ਦਰਜਨ ਤੋਂ ਜਿਆਦਾ ਆਸ਼ਾ ਵਰਕਰਾਂ ਨੇ ਮਦਰ ਐਂਡ ਚਾਈਲਡ ਹਸਪਤਾਲ ਦੇ ਬਾਹਰ ਇਕ ਘੰਟੇ ਤੱਕ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਖਿਲਾਫ ਨਾਅਰੇਬਾਜ਼ੀ ਕੀਤੀ।
ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਰਾਜਵੀਰ ਕੌਰ ਨੇ ਦੱਸਿਆ ਹੈ ਕਿ ਉਹ ਪਿਛਲੇ 2 ਹਫਤਿਆਂ ਤੋਂ ਭੁੱਖ ਹੜਤਾਲ ਕਰ ਰਹੀ ਹੈ ਪਰ ਅੱਜ ਤੱਕ ਉਨ੍ਹਾਂ ਨੂੰ ਸਾਰ ਨਹੀਂ ਪੁੱਛੀ ਗਈ। ਆਸ਼ਾ ਵਰਕਰਾਂ ਨੇ ਮੰਗ ਕੀਤੀ ਹੈ ਕਿ ਪੰਜਾਬ ‘ਚ ਵੀ ਹਰਿਆਣਾ ਪੈਟਰਨ ਲਾਗੂ ਕੀਤਾ ਜਾਵੇ, ਜਿਸ ਦੇ ਤਹਿਤ ਆਸ਼ਾ ਵਰਕਰਾਂ ਨੂੰ ਹਰ ਮਹੀਨੇ 4000 ਰੁਪਏ ਦਿੱਤੇ ਜਾਣ। ਇਸ ਤੋਂ ਇਲਾਵਾ ਆਸ਼ਾ ਵਰਕਰਾਂ ਦੀ ਹਾਜ਼ਿਰੀ ਯਕੀਨੀ ਬਣਾਈ ਜਾਵੇ। ਕੋਰੋਨਾ ਸਰਵੇ ਕਰਨ ਦੇ ਲਈ ਪਹਿਲਾਂ ਹਰ ਮਹੀਨੇ 2500 ਰੁਪਏ ਦਿੱਤੇ ਜਾ ਰਹੇ ਸੀ, ਜਿਸ ਨੂੰ ਹੁਣ ਬੰਦ ਕਰ ਦਿੱਤਾ ਗਿਆ ਹੈ। ਮਈ ਤੱਕ 2500 ਰੁਪਏ ਦਿੱਤੇ ਜਾ ਰਹੇ ਸੀ। ਸਰਵੇ ਤਹਿਤ ਉਹ ਡੋਰ ਟੂ ਡੋਰ ਸਰਵੇ ਕਰਕੇ ਕੋਰੋਨਾ ਦੇ ਸ਼ੱਕੀ ਮਰੀਜ਼ਾਂ ਨੂੰ ਜਾਂਚ ਕਰਵਾਉਣ ਲਈ ਪ੍ਰੇਰਿਤ ਕਰਦੀ ਹੈ। ਹੁਣ ਵੀ ਇਹ ਸਰਵੇ ਕਰ ਰਹੀ ਹੈ ਪਰ ਹੁਣ ਸਰਵੇ ਲਈ ਕੁਝ ਵੀ ਨਹੀਂ ਦਿੱਤਾ ਜਾ ਰਿਹਾ ਹੈ।