Police special corona kit: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਪੰਜਾਬ ਪੁਲਿਸ ਦੇ ਮੁਲਾਜ਼ਮ ਲਗਾਤਾਰ ਕੋਰੋਨਾ ਮਹਾਮਾਰੀ ਨਾਲ ਜੂਝ ਰਹੇ ਹਨ ਅਤੇ ਕਈ ਪੁਲਿਸ ਕਾਮੇ ਇਸ ਜੰਗ ‘ਚ ਆਪਣੀ ਜਾਨ ਤੱਕ ਗੁਆ ਚੁੱਕੇ ਹਨ, ਪਰ ਫਿਰ ਵੀ ਲਗਾਤਾਰ ਕੋਰੋਨਾਵਾਇਰਸ ਨਾਲ ਨਜਿੱਠਣ ਲਈ ਕੋਸ਼ਿਸ਼ ਜਾਰੀ ਹੈ।ਜਾਣਕਾਰੀ ਮੁਤਾਬਕ ਹੁਣ ਇਸ ਦੇ ਮੱਦੇਨਜ਼ਰ ਇੱਕ ਨਿੱਜੀ ਹਸਪਤਾਲ ਦੇ ਸੀਨੀਅਰ ਡਾਕਟਰ ਨਾਲ ਸਲਾਹ ਕਰਨ ਤੋਂ ਬਾਅਦ ਲੁਧਿਆਣਾ ਪੁਲਿਸ ਕਮਿਸ਼ਨਰ ਵੱਲੋਂ ਇੱਕ ਖ਼ਾਸ ਕਿੱਟ ਤਿਆਰ ਕੀਤੀ ਗਈ ਹੈ, ਜਿਸ ‘ਚ ਮਹਾਮਾਰੀ ਨਾਲ ਲੜਨ ਸਬੰਧੀ ਦਵਾਈਆਂ ਅਤੇ ਆਪਣੀ ਇਮਊਨਿਟੀ ਵਧਾਉਣ ਲਈ ਜੜੀ-ਬੂਟੀਆਂ ਆਦਿ ਹਨ। ਇਸ ਕਿੱਟ ਦੇ ਨਾਲ ਕਾਫੀ ਪੁਲਿਸ ਮੁਲਾਜ਼ਮਾਂ ਨੂੰ ਫਾਇਦਾ ਹੋਇਆ ਹੈ ਅਤੇ ਕਈਆਂ ਨੇ ਆਪਣੀ ਡਿਊਟੀ ਮੁੜ ਤੋਂ ਆ ਕੇ ਸ਼ੁਰੂ ਕਰ ਲਈ ਹੈ।
ਇਸ ਸਬੰਧੀ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਇਸ ਕਿੱਟ ਨੂੰ ਸਮਾਜ ਸੇਵੀ ਸੰਸਥਾਵਾਂ ਲਈ ਵੀ ਉਪਲੱਬਧ ਕਰਵਾਇਆ ਜਾ ਰਿਹਾ ਹੈ ਅਤੇ ਇਸ ਦੀ ਕੀਮਤ ਨੂੰ ਨੋ ਪ੍ਰੋਫਿਟ ਅਤੇ ਨੋ ਲੋਸ ਦੇ ਫਾਰਮੂਲੇ ‘ਤੇ ਰੱਖੀ ਗਈ ਹੈ। ਦੱਸ ਦੇਈਏ ਕਿ 1700 ਰੁਪਏ ‘ਚ ਇਹ ਕਿੱਟ ਮਿਲ ਸਕਦੀ ਹੈ, ਜਿਸ ਦੀ ਵਰਤੋਂ ਨਾਲ ਤੁਸੀਂ ਕੋਰੋਨਾ ਮਹਾਮਾਰੀ ਨੂੰ ਹਰਾ ਸਕਦੇ ਹੋ। ਇਸ ਤੋਂ ਇਲਾਵਾ ਇਸ ਕਿੱਟ ਦੀ ਮੰਗ ਲਗਾਤਾਰ ਵੱਧਦੀ ਜਾ ਰਹੀ ਹੈ ਅਤੇ ਗੁਆਂਢੀ ਸੂਬਿਆਂ ਵੱਲੋਂ ਵੀ ਇਸ ਦੀ ਮੰਗ ਕੀਤੀ ਜਾ ਰਹੀ ਹੈ। ਇਸ ਦੌਰਾਨ ਕਿੱਟ ਦੀ ਵਰਤੋਂ ਨਾਲ ਠੀਕ ਹੋ ਕੇ ਡਿਊਟੀ ‘ਤੇ ਪਰਤ ਚੁੱਕੇ ਪੁਲਿਸ ਕਾਮਿਆਂ ਨੇ ਵੀ ਆਪਣੇ ਤਜ਼ਰਬੇ ਸਾਂਝੇ ਕੀਤੇ।