Khanna SHO surrendered : ਲੁਧਿਆਣਾ (ਤਰਸੇਮ ਭਾਰਦਵਾਜ)-ਲੁਧਿਆਣਾ ਦਾ ਬਹੁਚਰਚਿਤ ਖੰਨਾ ਦੇ ਐੱਸ.ਐੱਚ.ਓ ਮਾਮਲੇ ‘ਚ ਨਵਾਂ ਮੋੜ ਆਇਆ ਹੈ। ਤਾਜ਼ਾ ਮਿਲੀ ਜਾਣਕਾਰੀ ਮੁਤਾਬਕ ਖੰਨਾ ਸ਼ਹਿਰ ‘ਚ ਸਦਰ ਥਾਣਾ ਦੇ ਸਾਬਕਾ ਐੱਸ.ਐੱਚ.ਓ ਬਲਜਿੰਦਰ ਸਿੰਘ ਨੇ ਆਈ.ਜੀ. ਲੁਧਿਆਣਾ ਅਤੇ SIT ਅੱਗੇ ਆਤਮ ਸਮਰਪਣ ਕਰ ਦਿੱਤਾ ਹੈ। ਇਸ ਦੀ ਜਾਣਕਾਰੀ ਪੀੜਤ ਪੱਖ ਦੇ ਵਕੀਲ ਗੁਣਇੰਦਰ ਸਿੰਘ ਬਰਾੜ ਨੇ ਦਿਤੀ। ਇਸ ਤੋਂ ਬਾਅਦ ਐਸ.ਪੀ ਹੈਡਕੁਆਰਟਰ ਖੰਨਾ ਤੇਜਿੰਦਰ ਸਿੰਘ ਨੇ ਵੀ ਜਾਣਕਾਰੀ ਦਿੱਤੀ ਕੱਲ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ।
ਦੱਸਣਯੋਗ ਹੈ ਕਿ ਇੰਸਪੈਕਟਰ ਬਲਜਿੰਦਰ ਸਿੰਘ ਖਿਲਾਫ਼ ਸਦਰ ਥਾਣੇ ‘ਚ ਪਿਓ-ਪੁੱਤ ਸਣੇ ਤਿੰਨ ਲੋਕਾਂ ਨੂੰ ਨੰਗਾ ਕਰਨ, ਉਨ੍ਹਾਂ ਦੀ ਵੀਡੀਓ ਬਣਾ ਵਾਇਰਲ ਕਰਨ ਦੇ ਦੋਸ਼ ‘ਚ ਗੰਭੀਰ ਧਾਰਾਵਾਂ ਤਹਿਤ ਮਾਮਲਾ ਦਰਜ ਹੈ। ਕੁਝ ਹੀ ਦਿਨ ਪਹਿਲਾਂ ਬਲਜਿੰਦਰ ਸਿੰਘ ਦੀ ਲੁਧਿਆਣਾ ਸੈਸ਼ਨ ਕੋਰਟ ਤੇ ਫਿਰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ‘ਚੋਂ ਵੀ ਪੇਸ਼ਗੀ ਜ਼ਮਾਨਤ ਖਾਰਜ ਹੋ ਗਈ। ਉਹ ਸੁਪਰੀਮ ਕੋਰਟ ਦੀ ਸ਼ਰਨ ‘ਚ ਗਿਆ ਪਰ ਸੁਪਰੀਮ ਕੋਰਟ ਤੋਂ ਵੀ ਇੰਸਪੈਕਟਰ ਬਲਜਿੰਦਰ ਸਿੰਘ ਨੂੰ ਝਟਕਾ ਲੱਗਿਆ।ਜ਼ਿਕਰਯੋਗ ਹੈ ਕਿ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਆਦੇਸ਼ ‘ਤੇ ਹੀ ਇਕ ਐੱਸ.ਆਈ.ਟੀ ਦਾ ਗਠਨ ਡੀ.ਜੀ.ਪੀ ਪੰਜਾਬ ਦਿਨਕਰ ਗੁਪਤਾ ਵੱਲੋਂ ਕੀਤਾ ਗਿਆ ਸੀ। ਏ.ਡੀ.ਜੀ.ਪੀ ਡਾ. ਨਰੇਸ਼ ਅਰੋੜਾ ਦੀ ਅਗਵਾਈ ‘ਚ ਬਣੀ ਇਸ ਐੱਸ.ਆਈ.ਟੀ ਨੇ ਆਪਣੀ ਰਿਪੋਰਟ ‘ਚ ਬਲਜਿੰਦਰ ਸਿੰਘ ਤੇ ਇਕ ਹੈੱਡ ਕਾਂਸਟੇਬਲ ਵਰੁਣ ਕੁਮਾਰ ਖ਼ਿਲਾਫ਼ ਮਾਮਲਾ ਦਰਜ ਕਰਵਾਇਆ ਸੀ। ਸਿਟੀ ਥਾਣਾ-1 ‘ਚ 4 ਜੁਲਾਈ ਨੂੰ ਦਰਜ ਇਸ ਮਾਮਲੇ ਮਗਰੋਂ ਇੰਸਪੈਕਟਰ ਬਲਜਿੰਦਰ ਸਿੰਘ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਸੀ।