girl died working factory: ਲੁਧਿਆਣਾ (ਤਰਸੇਮ ਭਾਰਦਵਾਜ)-ਮਹਾਨਗਰ ‘ਚ ਇਕ ਫੈਕਟਰੀ ‘ਚ ਉਸ ਸਮੇਂ ਹਫੜਾ-ਦਫੜੀ ਵਾਲਾ ਮਾਹੌਲ ਪੈਦਾ ਹੋ ਗਿਆ, ਜਦੋਂ ਇੱਥੇ ਮਸ਼ੀਨ ‘ਚ ਚੁੰਨੀ ਫਸਣ ਕਾਰਨ 13 ਸਾਲਾਂ ਲੜਕੀ ਦੀ ਮੌਤ ਹੋ ਗਈ। ਦੱਸ ਦੇਈਏ ਕਿ ਇਹ ਮਾਮਲਾ ਇੱਥੋ ਦੇ ਥਾਣਾ ਮੋਤੀ ਨਗਰ ਦੇ ਘੇਰੇ ਅੰਦਰ ਪੈਂਦੇ ਇਲਾਕੇ ਫੇਸ ਚਾਰ ‘ਚੋਂ ਸਾਹਮਣੇ ਆਇਆ ਹੈ। ਮੌਕੇ ‘ਤੇ ਪਹੁੰਚੀ ਪੁਲਿਸ ਵਲੋਂ ਇਹ ਕਾਰਵਾਈ ਮ੍ਰਿਤਕਾ ਦੀ ਮਾਤਾ ਮਨੋਰਮਾ ਦੇਵੀ ਦੀ ਸ਼ਿਕਾਇਤ ਦੇ ਆਧਾਰ ‘ਤੇ ਕੀਤੀ ਜਾ ਰਹੀ ਹੈ।ਇਸ ਸਬੰਧੀ ਪੁਲਿਸ ਨੇ ਫੈਕਟਰੀ ਦੇ ਪ੍ਰਬੰਧਕ ਵਿਨੋਦ ਗੁਪਤਾ ਅਤੇ ਉਸ ਦੇ ਲੜਕੇ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਮ੍ਰਿਤਕ ਲੜਕੀ ਦੀ ਉਮਰ ਤੇਰਾਂ ਸਾਲ ਸੀ, ਜੋ ਕਿ ਫੈਕਟਰੀ ‘ਚ ਕੰਮ ਕਰਦੀ ਸੀ। ਬੀਤੇ ਦਿਨ ਕੰਮ ਕਰਨ ਦੌਰਾਨ ਮਸ਼ੀਨ ‘ਚ ਉਸ ਦੀ ਚੁੰਨੀ ਫਸ ਗਈ ਅਤੇ ਗਲਾ ਘੁੱਟਣ ਕਾਰਨ ਉਸ ਦੀ ਮੌਤ ਹੋ ਗਈ | ਉਸ ਨੇ ਦੋਸ਼ ਲਗਾਇਆ ਕਿ ਫ਼ੈਕਟਰੀ ‘ਚ ਮਸ਼ੀਨਾਂ ਖ਼ਰਾਬ ਸਨ ਅਤੇ ਇਸ ਸੰਬੰਧੀ ਕਈ ਵਾਰ ਉਸ ਦੀ ਲੜਕੀ ਨੇ ਮਾਲਕਾਂ ਨੂੰ ਠੀਕ ਕਰਵਾਉਣ ਲਈ ਕਿਹਾ ਸੀ ਪਰ ਮਾਲਕਾਂ ਵਲੋਂ ਮਸ਼ੀਨਾਂ ਨੂੰ ਠੀਕ ਨਹੀਂ ਕਰਵਾਇਆ ਗਿਆ। ਮਸ਼ੀਨਾਂ ਦੇ ਅਸੁਰੱਖਿਅਤ ਹੋਣ ਕਾਰਨ ਇਹ ਹਾਦਸਾ ਵਾਪਰ ਗਿਆ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਪਰ ਹਾਲ ਦੀ ਘੜੀ ਇਸ ਮਾਮਲੇ ‘ਚ ਕੋਈ ਗਿ੍ਫ਼ਤਾਰੀ ਨਹੀਂ ਕੀਤੀ ਗਈ ਸੀ।