Exposure to a factory : ਬਠਿੰਡਾ ਜ਼ਿਲ੍ਹੇ ਵਿੱਚ ਪੁਲਿਸ ਨੇ ਇਕ ਨਕਲੀ ਵੈਕਸੀਨ ਬਣਾਉਣ ਦੀ ਫੈਕਟਰੀ ਦਾ ਪਰਦਾਫਾਸ਼ ਕੀਤਾ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਦੋ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਦੀ ਪਛਾਣ ਪੁਰੁਸ਼ੋਤਮ ਦਾਸ ਉਰਫ ਕਾਲਾ ਵਾਸੀ ਗਲੀ 3 ਪਰਸ ਰਾਮ ਨਗਰ ਅਤੇ ਪਰਮਿੰਦਰਪਾਲ ਸਿੰਘ ਵਾਸੀ ਗਲੀ ਨੰਬਰ 29 ਏ ਪਰਸ ਰਾਮ ਨਗਰ ਵਜੋਂ ਹੋਈ ਹੈ। ਇਹ ਦੋਵੇਂ ਪਰਸਰਾਮ ਨਗਰ ਵਿੱਚ ਗਲੀ ਨੰਬਰ 29ਏ ਵਿੱਚ ਹੀ ਨਕਲੀ ਵੈਕਸੀਨ ਬਣਾਉਣ ਦਾ ਕੰਮ ਕਰਦੇ ਸਨ, ਜਿਸ ਦਾ ਪਸ਼ੁਆਂ ਦੇ ਦੁੱਧ ਦੀ ਮਾਤਰਾ ਵਧਾਉਣ ਨਾਲ ਕੋਈ ਸੰਬੰਦ ਨਹੀਂ ਸੀ।
ਪੁੱਛਗਿੱਛ ਵਿੱਚ ਸਾਹਮਣੇ ਆਇਆ ਹੈ ਕਿ ਇਹ ਦੋਵੇਂ ਨਕਲੀ ਵੈਕਸੀਨ ਬਣਾਉਣ ਲਈ ਐਸੇਟਿਕ ਐਸਿਡ ਦਾ ਇਸਤੇਮਾਲ ਕਰਦੇ ਸਨ, ਜਿਸ ਦਾ ਪਸ਼ੁਆਂ ਦੇ ਦੁੱਧ ਦੀ ਮਾਤਰਾ ਵਧਾਉਣ ਨਾਲ ਕੋਈ ਸੰਬੰਧ ਨਹੀਂ ਹੈ। ਮਾਹਿਰਾਂ ਦੀ ਮੰਨੀਏ ਤਾਂ ਇਹ ਇਕ ਤਰ੍ਹਾਂ ਦਾਸਿਰਕਾ ਹੈ। ਇਹ ਲੋਕ ਵੱਡੀ ਮਾਤਰਾ ਵਿੱਚ ਪਾਣੀ ਲੈ ਕੇ ਉਸ ਵਿੱਚ ਉਕਤ ਐਸਿਡ ਮਿਲਾ ਕੇ ਡੇਅਰੀ ਸੰਚਾਲਕਾਂ ਨੂੰ ਪਸ਼ੂਆਂ ਦਾ ਦੁੱਧ ਵਧਾਉਣ ਵਾਲੀ ਵੈਕਸੀਨ ਕਹਿ ਕੇ ਵੇਚਦੇ ਸਨ। ਇਹ ਲੋਕ ਇਕ ਸ਼ੀਸ਼ੀ 700-750 ਰੁਪਏ ਵਿੱਚ ਵੇਚਦੇ ਸਨ। ਫੜਿਆ ਗਿਆ ਪੁਰੁਸ਼ੋਤਮ ਦਾਸ ਉਰਫ ਕਾਲਾ ਜੋ ਇਸ ਧੰਦੇ ਦਾ ਮਾਸਟਰ ਮਾਈਂਡ ਹੈ ਉਹ ਘਰ ਪਿਛਲੇ ਕਈ ਸਾਲਾਂ ਤੋਂ ਘਰ ਵਿੱਚ ਇਹ ਧੰਦਾ ਕਰ ਰਿਹਾ ਸੀ। ਉਨ੍ਹਾਂ ਨੇ ਇਹ ਧੰਦਾਉਦੋਂ ਤੋਂ ਸ਼ੁਰੂ ਕੀਤਾ ਜਦੋਂ ਤੋਂ ਸਰਕਾਰ ਨੇ ਦੁੱਧ ਵਧਾਉਣ ਵਾਲੀ ਵੈਕਸੀਨ ਦੀ ਵਿਕਰੀ ’ਤੇ ਪਾਬੰਦੀ ਲਗਾਈ ਹੈ।
ਪੁਲਿਸ ਨੇ ਇਕ ਗੁਪਤ ਸੂਚਨਾ ਦੇ ਆਧਾਰ ’ਤੇ ਇਨ੍ਹਾਂ ਨੂੰ ਕਾਬੂ ਕੀਤਾ। ਡੀਐੱਸਪੀ ਸਿਟੀ ਵਨ ਗੁਰਜੀਤ ਸਿੰਘ ਰੋਮਾਣਾ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਕਿ ਪਰਸਰਾਮ ਨਗਰ ਦਾ ਰਹਿਣਵਾਲਾ ਪੁਰੁਸ਼ੋਤਮ ਦਾਸ ਉਰਫ ਕਾਲਾ ਪਤੰਗਾ ਵਾਲਾ ਤੇ ਪਰਮਿੰਦਰਪਾਲ ਸਿੰਘ ਮਿਲ ਕੇ ਪਸ਼ੂਆਂ ਨੂੰ ਲੱਗਣ ਵਾਲੇ ਨਕਲੀ ਟੀਕੇ ਤਿਆਰ ਕਰਦੇ ਹਨ। ਸੂਚਨਾ ਦੇ ਆਧਾਰ ’ਤੇ ਪੁਲਿਸ ਨੇ ਦੋਸ਼ੀਆਂ ਦੇ ਠਿਕਾਣੇ ’ਤੇ ਰੇਡ ਕੀਤੀ, ਉਥੋਂ 3 ਹਜ਼ਾਰ ਦੇ ਲਗਭਗ ਖਾਲੀ ਸ਼ੀਸ਼ੀਆਂ ਬਰਾਮਦ ਕੀਤੀਆਂ। ਕਿਸੇ ਨੂੰ ਸ਼ੱਕ ਨਾ ਹੋਵੇ ਇਸ ਲਈ ਪੁਰੁਸ਼ੋਤਮ ਦਾਸ ਲੋਕਾਂ ਨੂੰ ਦਿਖਾਉਣ ਲਈ ਕਦੇ ਪਤੰਗਾਂ ਦਾ ਕਾਰੋਬਾਰ ਕਰਦਾ ਸੀ ਤਾਂ ਕਦੇ ਫਾਸਟ ਫੂਡ ਦੀ ਦੁਕਾਨ ਚਲਾਉਂਦਾ ਸੀ। ਹੁਣੇ ਜਿਹੇ ਉਸ ਨੇ ਇਕ ਗਿਫਟ ਹਾਊਸ ਨੂੰ ਸ਼ੁਰੂ ਕਰਨ ਦੀ ਤਿਆਰੀ ਵੀ ਕੀਤੀ ਹੋਈ ਸੀ ਪਰ ਉਸ ਤੋਂ ਪਹਿਲਾਂ ਹੀ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ।