family members funeral corona patient: ਲੁਧਿਆਣਾ (ਤਰਸੇਮ ਭਾਰਦਵਾਜ)-ਪੰਜਾਬ ‘ਚ ਕੋਰੋਨਾ ਸਬੰਧੀ ਫੈਲ ਰਹੀਆਂ ਅਫਵਾਹਾਂ ਦਾ ਅਸਰ ਰਾਏਕੋਟ ‘ਚ ਉਸ ਸਮੇਂ ਦੇਖਣ ਨੂੰ ਮਿਲਿਆ, ਜਦੋਂ ਇੱਥੋ ਦੇ ਵਸਨੀਕ ਇਕ ਵਿਅਕਤੀ ਦੀ ਪਟਿਆਲਾ ਦੇ ਹਸਪਤਾਲ ‘ਚ ਮੌਤ ਹੋ ਗਈ ਸੀ, ਜਿਸ ਨੂੰ ਕੋਰੋਨਾ ਪਾਜ਼ੀਟਿਵ ਦੱਸਿਆ ਜਾ ਰਿਹਾ ਸੀ ਪਰ ਲਾਸ਼ ਦਾ ਅੰਤਿਮ ਸੰਸਕਾਰ ਕਰਨ ਸਮੇਂ ਪਰਿਵਾਰਿਕ ਮੈਂਬਰਾਂ ਨੇ ਹਸਪਤਾਲ ‘ਤੇ ਗੰਭੀਰ ਦੋਸ਼ ਲਾਏ ਅਤੇ ਲਾਸ਼ ਨੂੰ ਚੰਗੀ ਤਰਾਂ ਚੈੱਕ ਕਰਨ ਤੋਂ ਬਾਅਦ ਅੰਤਿਮ ਸੰਸਕਾਰ ਕੀਤਾ ਗਿਆ। ਮ੍ਰਿਤਕ ਦੀ ਪਛਾਣ ਮਹਿੰਦਰਪਾਲ ਵਰਮਾ ਪੁੱਤਰ ਸ਼ਾਮ ਲਾਲ ਵਾਸੀ ਰਾਏਕੋਟ ਦੇ ਨਾਂ ਨਾਲ ਕੀਤੀ ਗਈ।
ਦੱਸਣਯੋਗ ਹੈ ਕਿ ਮ੍ਰਿਤਕ ਮਹਿੰਦਰਪਾਲ ਸਿੰਘ ਸ਼ੂਗਰ ਦੀ ਬੀਮਾਰੀ ਨਾਲ ਪੀੜਤ ਸੀ ਅਤੇ ਬੀਤੇ ਦਿਨੀ ਤਬੀਅਤ ਖਰਾਬ ਹੋਣ ਤੋਂ ਬਾਅਦ ਇਲਾਜ ਲਈ ਪਟਿਆਲਾ ਦੇ ਰਾਜਿੰਦਰਾ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ, ਜਿੱਥੇ ਉਸ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਜਦੋਂ ਐਂਬੂਲੈਂਸ ਰਾਹੀਂ ਮ੍ਰਿਤਕ ਦੇਹ ਰਾਏਕੋਟ ਪਹੁੰਚਾਈ ਗਈ ਤਾਂ ਮ੍ਰਿਤਕ ਦੇਹ ਨੂੰ ਉਤਾਰਨ ਸਮੇਂ ਮ੍ਰਿਤਕ ਦੇ ਨੱਕ ਤੇ ਮੂੰਹ ‘ਚੋਂ ਖੂਨ ਨਿਕਲਿਆ ਦੇਖਿਆ ਤਾਂ ਪਰਿਵਾਰਿਕ ਮੈਂਬਰ ਅਤੇ ਹੋਰ ਰਿਸ਼ਤੇਦਾਰ ਭੜਕ ਗਏ ਅਤੇ ਉਨਾਂ ਮ੍ਰਿਤਕ ਦੀ ਲਾਸ਼ ‘ਚੋਂ ਅੰਗ ਕੱਢ ਲਏ ਜਾਣ ਦਾ ਖਦਸ਼ਾ ਪ੍ਰਗਟਾਉਂਦਿਆ ਲਾਸ਼ ਚੈੱਕ ਕਰਨ ਲਈ ਜ਼ੋਰ ਪਾਉਣ ਲੱਗ ਪਏ, ਜਿਸ ‘ਤੇ ਡਾਕਟਰਾਂ ਨੇ ਮ੍ਰਿਤਕ ਦੇਹ ਪਰਿਵਾਰਿਕ ਮੈਂਬਰਾਂ ਨੂੰ ਚੈੱਕ ਕਰਵਾਈ ਅਤੇ ਉਨਾਂ ਦੀ ਤਸੱਲੀ ਹੋਣ ਤੋਂ ਬਾਅਦ ਡਿਊਟੀ ਮੈਜਿਸਟ੍ਰੇਟ ਮੁਖਤਿਆਰ ਸਿੰਘ ਤਹਿਸੀਲਦਾਰ ਰਾਏਕੋਟ ਅਤੇ ਹੀਰਾ ਸਿੰਘ ਥਾਣਾ ਮੁਖੀ ਸਿਟੀ ਰਾਏਕੋਟ ਦੀ ਮੌਜੂਦਗੀ ‘ਚ ਮ੍ਰਿਤਕ ਦਾ ਅੰਤਿਮ ਸਸਕਾਰ ਕੀਤਾ ਗਿਆ।
ਇਸ ਮੌਕੇ ਮ੍ਰਿਤਕ ਦੇ ਪੁੱਤਰਾਂ ਜਗਦੀਸ਼ ਵਰਮਾ ਤੇ ਪਵਨ ਵਰਮਾ ਨੇ ਦੱਸਿਆ ਕਿ ਬੀਤੀ ਕੱਲ ਉਨਾਂ ਦੀ ਸ਼ੂਗਰ ਵਧ ਜਾਣ ਕਾਰਨ ਉਨਾਂ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਾਖਲ ਕਰਵਾਇਆ ਗਿਆ, ਜਿਥੇ ਡਾਕਟਰਾਂ ਨੇ ਪਹਿਲਾਂ ਤਾਂ ਉਨਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਦੱਸੀ ਪਰ ਅੱਧੇ ਘੰਟੇ ਬਾਅਦ ਡਾਕਟਰਾਂ ਨੇ ਉਨਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਖ ਦਿੱਤੀ ਅਤੇ ਉਨਾਂ ਦੀ ਕੱਲ ਹੀ ਮੌਤ ਹੋ ਗਈ। ਉਨਾਂ ਦੋਸ਼ ਲਗਾਉਂਦਿਆ ਕਿਹਾ ਕਿ ਉਨਾਂ ਦੇ ਪਿਤਾ ਨੂੰ ਮਾਰਿਆ ਗਿਆ ਕਿਉਂਕਿ ਉਨਾਂ ਦੀ ਮ੍ਰਿਤਕ ਦੇਹ ਕਾਲੀ ਹੋ ਗਈ ਸੀ।