Young man tricked into : ਪਠਾਨਕੋਟ ; ਕੋਰੋਨਾ ਕਾਲ ਵਿੱਚ ਸਾਮਾਨ ਵੇਚਣ ਦਾ ਝਾਂਸਾ ਦੇ ਕੇ ਲੋਕਾਂ ਤੋਂ ਆਨਲਾਈਨ ਪੈਸੇ ਮੰਗਵਾ ਕੇ ਠੱਗੀ ਦੇ ਮਾਮਲੇ ਸਾਹਮਣੇ ਆ ਰਹੇ ਹਨ, ਜਿਨ੍ਹਾਂ ਦੇ ਚੱਲਦਿਆਂ ਪਠਾਨਕੋਟ ਪੁਲਿਸ ਵੱਲੋਂ ਦੋ ਮਾਮਲੇ ਦਰਜ ਕੀਤੇ ਗਏ ਹਨ ਜਿਨ੍ਹਾਂ ਵਿੱਚੋਂ ਇਕ ਮਾਮਲੇ ’ਚ ਆਪਣੇ ਆਪ ਨੂੰ ਫੌਜੀ ਦੱਸ ਦੇ ਨੌਜਵਾਨ ਤੋਂ 9250 ਰੁਪਏ ਠੱਗ ਲਏ ਅਤੇ ਦੂਸਰੇ ਮਾਮਲੇ ਵਿੱਚ ਮੋਬਾਈਲ, ਜੇਬੀਐੱਲ ਦੇ ਏਅਪੋਰਡ ਤੇ ਪਾਵਰ ਬੈਂਕ ਦਾ ਆਰਡਰ ਕਰਵਾ ਕੇ 20 ਹਜ਼ਾਰ ਰੁਪਏ ਠੱਗੇ ਗਏ। ਪੁਲਿਸ ਵੱਲੋਂ ਥਾਣਾ ਡੀਵਜ਼ਨ ਨੰ. 2 ਵਿੱਚ ਸ਼ਿਕਾਇਤ ਦਰਜ ਕਰਕੇ ਅਣਪਛਾਤਿਆਂ ਖਿਲਾਪ ਧੋਖਾਧੜੀ ਤੇ ਆਈਟੀ ਐਕਟ ਅਧੀਨ ਮਾਮਲੇ ਦਰਜ ਕਰ ਲਏ ਗਏ ਹਨ।
ਮਿਲੀ ਜਾਣਕਾਰੀ ਮੁਤਾਬਕ ਪਹਿਲੇ ਮਾਮਲੇ ਵਿੱਚ ਰਮਨ ਕੁਮਾਰ ਮੁਹੱਲਾ ਰਾਮਪੁਰਾ ਨਿਵਾਸੀ ਨੇ ਪੁਲਿਸ ਵਿੱਚ ਦਰਜ ਕਰਵਾਈ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਨੇ ਇਕ ਵਿਅਕਤੀ ਨੇ OLX ’ਤੇ ਸਕੂਟਰੀ ਦੀ ਵੇਚਣ ਲਈ ਤਸਵੀਰ ਪਾਈ ਹੋਈ ਸੀ। ਉਸ ਨੇ ਜਦੋਂ ਉਸ ਨਾਲ ਸੰਪਰਕ ਕੀਤਾ ਤਾਂ ਵਿਅਕਤੀ ਨੇ ਆਪਣੇ ਆਪ ਨੂੰ ਆਰਮੀ ਦਾ ਜਵਾਨ ਦੱਸਿਆ ਅਤੇ ਕਿਹਾ ਕਿ ਉਹ ਮਾਮੂਨ ਕੈਂਟ ਵਿੱਚ ਪੋਸਟੇਡ ਹੈ। ਉਸ ਨੇ ਸਕੂਟੀ ਵੇਚਣ ਦੀ ਗੱਲ ਕਹੀ। ਉਸ ਦੇ ਝਾਂਸੇ ਵਿੱਚ ਆ ਕੇ ਉਸ ਨੇ ਦੋ ਕਿਸ਼ਤਾਂ ਵਿੱਚ ਉਸ ਨੂੰ 9250 ਰੁਪਏ ਦੇ ਦਿੱਤੀ। ਉਸ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਉਨ੍ਹਾਂ ਨੂੰ ਬਾਹਰ ਨਹੀਂ ਆਉਣ ਦਿੱਤਾ ਜਾਂਦਾ ਇਸ ਲਈ ਆਪਣਾ ਆਈਕਾਰਡ ਭੇਜ ਕੇ ਉਸ ਨੂੰ ਯਕੀਨ ਦਿਵਾਇਆ ਅਤੇ ਪੈਸੇ ਟਰਾਂਸਫਰ ਕਰਨ ਲਈ ਕਿਹਾ। ਬਾਅਦ ’ਚ ਜਦੋਂ ਉਹ ਮਾਮੂਨ ਕੈਂਟ ਵਿੱਚ ਮਿਲਟਰੀ ਪੁਲਿਸ ਨੂੰ ਮਿਲਿਆ ਤਾਂ ਉਸ ਨੂੰ ਪਤਾ ਲੱਗਾ ਪਹਿਲਾਂ ਵੀ ਉਨ੍ਹਾਂ ਕੋਲ 5-6 ਇਸੇ ਤਰ੍ਹਾਂ ਦੇ ਠੱਗੀ ਦੇ ਮਾਮਲੇ ਆਏ ਹਨ।
ਦੂਸਰੇ ਮਾਮਲੇ ਵਿੱਚ ਢਾਕੀ ਦੇ ਪ੍ਰੇਮ ਨਗਰ ਨਿਵਾਸੀ ਅਰਜੁਨ ਕੁਮਾਰ ਨੇ ਪੁਲਿਸ ’ਚ ਸ਼ਿਕਾਇਤ ਦਰਜ ਕਰਵਾਈ ਕਿ ਬੀਤੇ ਦਿਨੀਂ ਬੇਟੇ ਸੌਰਬ ਨੇ ਇਕ ਮੋਬਾਈਲ, ਇੱਕ ਜੇਬੀਐੱਲ ਦੇ ਏਅਰਪੋਰਡ ਅਤੇ ਪਾਵਰ ਬੈਂਕ ਮੰਗਵਾਉਣ ਦਾ ਆਰਡਰ ਦਿੱਤਾ। ਬੇਟੇ ਨੇ ਫੋਨ ਰਾਹੀਂ 20 ਹਜ਼ਾਰ ਟਰਾਂਸਪਰ ਕੀਤੇ ਪਰ ਮਹੀਨੇ ਬਾਅਦ ਵੀ ਆਰਡਰ ਕੀਤਾ ਸਾਮਾਨ ਨਹੀਂ ਆਇਆ ਅਤੇ ਨਾ ਹੀ ਉਨ੍ਹਾਂ ਦੇ ਪੈਸੇ ਵਾਪਿਸ ਆਏ। ਫੋਨ ਕਰਨ ’ਤੇ ਚੁੱਕਿਆ ਨਹੀਂ ਜਾ ਰਿਹਾ। ਥਾਣਾ ਡਵੀਜ਼ਨ 2 ਦੀ ਪੁਲਿਸ ਨੇ ਸ਼ਿਕਾਇਤ ’ਤੇ ਅਣਪਛਾਤੇ ਖਿਲਾਫ 420, 67 ਆਈਟੀ ਐਕਟ ਅਧੀਨ ਮਾਮਲਾ ਦਰਜ ਕੀਤਾ ਹੈ। ਐੱਸਐੱਚਓ ਦਵਿੰਦਰ ਪ੍ਰਕਾਸ਼ ਨੇ ਕਿਹਾ ਕਿ ਦੋਵੇਂ ਮਾਮਲੇ ਦਰਜ ਕਰ ਲਏ ਗਏ ਹਨ ਅਤੇ ਛੇਤੀ ਹੀ ਇਨ੍ਹਾਂ ਨੂੰ ਹੱਲ ਕੀਤਾ ਜਾਵੇਗਾ।