family attacked Miscreants police: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਬੇਖੌਫ ਬਦਮਾਸ਼ਾਂ ਦੇ ਹੌਸਲੇ ਇਸ ਕਦਮ ਬੁਲੰਦ ਹੋ ਚੁੱਕੇ ਹਨ, ਜਿਸ ਦਾ ਅੰਦਾਜ਼ਾ ਉਦੋਂ ਲਾਇਆ ਗਿਆ ਜਦੋਂ ਪੁਲਿਸ ਦੀ ਮੌਜੂਦਗੀ ‘ਚ ਬਦਮਾਸ਼ਾਂ ਨੇ ਇਕ ਵਾਰਦਾਤ ਨੂੰ ਅੰਜ਼ਾਮ ਦਿੱਤਾ। ਤਾਜ਼ਾ ਮਾਮਲਾ ਇੱਥੋ ਦੇ ਆਨੰਦਪੁਰਾ ਮੁਹੱਲਾ ਬਸਤੀ ਜੋਧੇਵਾਲਾ ਤੋਂ ਸਾਹਮਣੇ ਆਇਆ ਹੈ, ਜਿੱਥੇ ਬੀਤੇ ਦਿਨ ਭਾਵ ਸ਼ਨੀਵਾਰ ਦੇਰ ਰਾਤ ਕੁੱਝ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਬਦਮਾਸ਼ ਪਹੁੰਚੇ ਅਤੇ ਇਕ ਪਰਿਵਾਰ ‘ਤੇ ਹਮਲਾ ਕਰ ਦਿੱਤਾ। ਇੰਨਾ ਹੀ ਨਹੀਂ ਬਦਮਾਸ਼ ਤੇਜ਼ਧਾਰ ਹਥਿਆਰ ਹਵਾ ‘ਚ ਲਹਿਰਾਉਂਦੇ ਰਹੇ ਅਤੇ ਗਾਲੀ ਗਲੋਚ ਕਰਦੇ ਰਹੇ। ਨੌਜਵਾਨਾਂ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਜਦੋਂ ਰੌਲਾ ਸੁਣ ਕੇ ਮੁਹੱਲੇ ਦੇ ਹੋਰ ਲੋਕ ਬਾਹਰ ਨਿਕਲੇ ਤਾਂ ਉਨ੍ਹਾਂ ਨੇ ਇੱਟਾਂ-ਪੱਥਰਾਂ ਨਾਲ ਵਾਰ ਕਰਕੇ ਬਦਮਾਸ਼ਾਂ ਨੂੰ ਭਜਾ ਦਿੱਤਾ । ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਮੌਕੇ ‘ਤੇ ਪੀ.ਸੀ.ਆਰ ਦਾ ਦਸਤਾ ਪਹੁੰਚਿਆ ਪਰ ਉਨ੍ਹਾਂ ਨੇ ਮਾਮਲੇ ਨੂੰ ਅਣਗੌਲਿਆ ਕਰਕੇ ਚਲੇ ਗਏ।

ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪੀੜਤ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੇ ਮੁਹੱਲੇ ਦੇ ਨੇੜੇ ਕੁਝ ਲੋਕ ਨਸ਼ਾ ਵੇਚਦੇ ਹਨ ਅਤੇ ਇਹ ਨਸ਼ਾ ਉਨ੍ਹਾਂ ਦੇ ਘਰ ਦੇ ਨੇੜੇ ਵੇਚਿਆ ਜਾਂਦਾ ਹੈ। ਜਦੋਂ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਗਿਆ ਤਾਂ ਉਹ ਗੁੱਸੇ ‘ਚ ਅੱਗ ਭਬੂਲਾ ਹੋ ਕੇ ਸਾਥੀਆਂ ਨੂੰ ਨਾਲ ਲੈ ਕੇ ਉਨ੍ਹਾਂ ‘ਤੇ ਹਮਲਾ ਕਰਨ ਪਹੁੰਚੇ। ਇਸ ਦੇ ਨਾਲ ਪੀੜਤ ਪਰਿਵਾਰ ਨੇ ਦੱਸਿਆ ਕਿ ਪੁਲਿਸ ਵੀ ਇਸ ਮਾਮਲੇ ‘ਚ ਕੋਈ ਕਾਰਵਾਈ ਨਹੀ ਕਰ ਰਹੀ ਹੈ, ਜਿਸ ਨੂੰ ਲੈ ਕੇ ਪੀੜਤ ਪਰਿਵਾਰ ਵੱਲੋਂ ਕਈ ਸਵਾਲ ਚੁੱਕੇ ਜਾ ਰਹੇ ਹਨ ਅਤੇ ਜਾਨ ਨੂੰ ਖਤਰਾ ਦੱਸਦੇ ਹੋਏ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ।

ਇਸ ਮਾਮਲੇ ਸਬੰਧੀ ਥਾਣਾ ਟਿੱਬਾ ਮੁਖੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਕੋਲ ਅਜਿਹੀ ਸ਼ਿਕਾਇਤ ਨਹੀਂ ਹੈ ਜੇਕਰ ਸ਼ਿਕਾਇਤ ਆਉਂਦੀ ਹੈ ਤਾਂ ਉਹ ਜਾਂਚ ਕਰ ਕਾਰਵਾਈ ਕਰਨਗੇ।






















