Relief youth employment coronavirus: ਲੁਧਿਆਣਾ (ਤਰਸੇਮ ਭਾਰਦਵਾਜ)-ਕੋਰੋਨਾ ਕਾਲ ਦੌਰਾਨ ਨੌਕਰੀ ਦੀ ਭਾਲ ਕਰ ਰਹੇ ਨੌਜਵਾਨਾਂ ਲਈ ਪੰਜਾਬ ਸਰਕਾਰ ਨੇ ‘ਘਰ-ਘਰ ਰੋਜ਼ਗਾਰ ਯੋਜਨਾ’ ਸ਼ੁਰੂ ਕੀਤੀ ਹੈ, ਜਿਸ ਤਹਿਤ ਸੂਬੇ ਭਰ ‘ਚ 24 ਸਤੰਬਰ ਤੋਂ 30 ਸਤੰਬਰ ਤੱਕ 6ਵੇਂ ਸੂਬਾ ਪੱਧਰੀ ਮੇਗਾ ਰੋਜ਼ਗਾਰ ਮੇਲਾ ਲਾਉਣ ਦਾ ਫੈਸਲਾ ਕੀਤਾ ਹੈ। ਕੋਵਿਡ-19 ਬਾਰੇ ਜਾਰੀ ਦਿਸ਼ਾ-ਨਿਰਦੇਸ਼ ਦੀ ਪਾਲਣਾ ਕਰਦੇ ਹੋਏ ਰੋਜ਼ਗਾਰ ਮੇਲਿਆਂ ਦੁਆਰਾ ਸਾਰਿਆਂ ਜ਼ਿਲ੍ਹਿਆਂ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਮੁਹੱਈਆਂ ਕਰਵਾਏ ਜਾਣਗੇ। ਇਸ ਦੌਰਾਨ ਲੁਧਿਆਣਾ ਜ਼ਿਲੇ ‘ਚ ਵੀ ਇਸ ਰੋਜ਼ਗਾਰ ਮੇਲਾ ਲਾਇਆ ਜਾਵੇਗਾ।
ਦੱਸਣਯੋਗ ਹੈ ਕਿ ਮਹਾਮਾਰੀ ਦੇ ਮੱਦੇਨਜ਼ਰ ਇਸ ਸਾਲ ਇਨ੍ਹਾਂ ਰੋਜ਼ਗਾਰ ਮੇਲਿਆਂ ਦੇ ਲਈ ਵਰਚੂਅਲ ਅਤੇ ਫਿਜ਼ੀਕਲ ਦੋਵਾਂ ਪਲੇਟਫਾਰਮ ਦੀ ਵਰਤੋਂ ਕੀਤੀ ਜਾਵੇਗੀ। ਰੋਜ਼ਗਾਰ ਮੇਲੇ ਲਾਉਣ ਲਈ ਜ਼ਿਲ੍ਹਾਂ ਪ੍ਰਸ਼ਾਸਨ ਵੱਲੋਂ ਸਿਰਫ ਅਜਿਹੇ ਸਥਾਨਾਂ ਦੀ ਚੋਣ ਕੀਤੀ ਜਾਵੇਗੀ, ਜਿੱਥੇ ਕੋਵਿਡ-19 ਬਾਰੇ ਜਾਰੀ ਪ੍ਰੋਟੋਕਾਲ ਅਤੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾ ਸਕੇ। ਰੋਜ਼ਗਾਰ ਮੇਲਿਆਂ ਵਾਲੀਆਂ ਥਾਵਾਂ ‘ਤੇ ਇਕ ਵਿਸ਼ੇਸ਼ ਸਮੇਂ ‘ਤੇ ਮੌਜੂਦ ਰਹਿਣ ਵਾਲੇ ਉਮੀਦਵਾਰਾਂ, ਲੋਕਾਂ ਦੀ ਗਿਣਤੀ ਕੋਵਿਡ-19 ਸਬੰਧੀ ਜਾਰੀ ਦਿਸ਼ਾ-ਨਿਰਦੇਸ਼ਾਂ ਨੂੰ ਧਿਆਨ ‘ਚ ਰੱਖਦੇ ਹੋਏ ਨਿਰਧਾਰਿਤ ਕੀਤੀ ਜਾਣਗੀਆਂ। ਜੇਕਰ ਕੋਵਿਡ-19 ਕਾਰਨ ਹਾਲਾਤ ਵਿਗੜਦੇ ਹਨ ਅਤੇ ਰੋਜ਼ਗਾਰ ਮੇਲਾ ਲਾਉਣ ਅਸੰਭਵ ਲੱਗਦਾ ਹੈ ਤਾਂ ਸ਼ੁਰੂਆਤੀ ਆਨਲਾਈਨ ਪ੍ਰਕਿਰਿਆ ਪੂਰੀ ਕੀਤੀ ਜਾਵੇਗੀ ਅਤੇ ਉਮੀਦਵਾਰਾਂ ਨੂੰ ਨਿੱਜੀ ਤੌਰ ‘ਤੇ ਬੁਲਾਉਣ ਦੀ ਪ੍ਰਕਿਰਿਆ ਕੋਵਿਡ-19 ਸੰਕਟ ਕਾਰਨ ਟਲਣ ਤੋਂ ਬਾਅਦ ਕੀਤੀ ਜਾਵੇਗੀ। ਰੁਜ਼ਗਾਰ ਜਨਰੇਸ਼ਨ ਵਿਭਾਗ ਦੇ ਸਕੱਤਰ ਰਾਹੁਲ ਤਿਵਾੜੀ ਨੇ ਦੱਸਿਆ ਹੈ ਕਿ ਨੌਕਰੀ ਖੋਜ ਰਹੇ ਨੌਜਵਾਨਾਂ ਲਈ ਅਪਲਾਈ ਕਰਨ ਦੀ ਪ੍ਰਕਿਰਿਆ 28 ਅਗਸਤ ਤੋਂ ਸ਼ੁਰੂ ਹੋਵੇਗੀ। ਇਸ ਬਾਰੇ ਆਨਲਾਈਨ ਅਪਲਾਈ ਕਰਨ ਦੀ ਆਖਰੀ ਤਾਰੀਕ 15 ਸਤੰਬਰ ਹੈ। ਉਨ੍ਹਾਂ ਨੇ ਅੱਗੇ ਇਹ ਵੀ ਕਿਹਾ ਹੈ ਕਿ ਨੌਕਰੀ ਦੀ ਭਾਲ ਕਰ ਰਹੇ ਨੌਜਵਾਨਾਂ ਅਤੇ ਯੋਜਨਾਕਾਰਾਂ ਤੋਂ ਇੱਕਠੇ ਕੀਤੇ ਗਏ ਨੌਕਰੀਆਂ ਦੇ ਸਾਰੇ ਵੇਰਵੇ www.pgrkam.com.ਪੋਰਟਲ ‘ਤੇ ਉਪਲੱਬਧ ਕਰਵਾਏ ਜਾਣਗੇ।