Two arrested with over 5 lakh : ਫਰੀਦਕੋਟ ਪੁਲਿਸ ਦੇ ਸੀਆਈਏ ਸਟਾਫ ਜੈਤੋ ਵੱਲੋਂ ਦੋ ਵਿਅਕਤੀਆਂ ਨੂੰ 5 ਲੱਖ 38 ਹਜ਼ਾਰ 900 ਰੁਪਏ ਦੀ ਜਾਅਲੀ ਕਰੰਸੀ ਸਣੇ ਦੋ ਲੋਕਾਂ ਨੂੰ ਕਾਬੂ ਕੀਤਾ ਗਿਆ । ਉਨ੍ਹਾਂ ਦੇ ਦੋ ਸਾਥੀ ਮੌਕੇ ਤੋਂ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋਣ ਵਿੱਚ ਸਫਲ ਹੋ ਗਏ। ਪੁਲਿਸ ਨੇ ਦੋਸ਼ੀਆਂ ਕੋਲੋਂ ਇਕ ਕੰਪਿਊਟਰ ਵੀ ਬਰਾਮਦ ਕੀਤਾ ਹੈ। ਉਨ੍ਹਾਂ ਖਿਲਾਫ ਥਾਣਾ ਜੈਤੋ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ। ਦੋਸ਼ੀਆਂ ਦੀ ਪਛਾਣ ਗੁਰੂਹਰਸਹਾਏ ਨਿਵਾਸੀ ਰਾਜਪਾਲ ਤੇ ਗੁਰਮੀਤ ਸਿੰਘ, ਵਿਜੇ ਤੇ ਜਸਵੰਤ ਸਿੰਘ ਉਰਫ ਰਾਜਾ ਦੋਵੇਂ ਨਿਵਾਸੀ ਪਿੰਡ ਰੋੜੀਕਪੂਰਾ, ਜੈਤੋ ਵਜੋਂ ਹੋਈ ਹੈ।
ਪੁਲਿਸ ਲਾਈਨ ਵਿੱਚ ਪ੍ਰੈੱਸ ਕਾਨਫਰੰਸ ਵਿੱਚ ਐੱਸਪੀ (ਆਈ) ਸੇਵਾ ਸਿੰਘ ਮੱਲੀ ਨੇ ਦੱਸਿਆ ਕਿ ਸੀਆਈਏ ਸਟਾਫ ਜੈਤੋ ਦੇ ਇੰਚਾਰਜ ਐੱਸਆਈ ਕੁਲਬੀਰ ਚੰਦ ਨੂੰ ਦੋਸ਼ੀਆਂ ਬਾਰੇ ਸੂਚਨਾ ਮਿਲੀ ਸੀ। ਉਨ੍ਹਾਂ ਨੂੰ ਪਤਾ ਲੱਗਾ ਸੀ ਕਿ ਇਹ ਚਾਰੋਂ ਦੋਸ਼ੀ ਜਾਅਲੀ ਕਰੰਸੀ ਤਿਆਰ ਕਰਕੇ ਸਪਲਾਈ ਕਰਦੇ ਹਨ। ਉਹ ਬਾਈਕ ਅਤੇ ਐਕਟਿਵਾ ’ਤੇ ਮੁਕਤਸਰ ਤੋਂ ਜੈਤੋ ਆ ਰਹੇ ਹਨ। ਸੂਚਨਾ ਦੇ ਆਧਾਰ ’ਤੇ ਉਨ੍ਹਾਂ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਨੇ ਨਾਕਾਬੰਦੀ ਕੀਤੀ। ਇਸ ਦੌਰਾਨ ਬਾਈਕ ਸਵਾਰ ਰਾਜਪਾਲ ਤੇ ਜਸਵੰਤ ਸਿੰਘ ਰਾਜਾ ਨੂੰ ਕਾਬੂ ਕਰ ਲਿਆ ਗਿਆ। ਦੋਵਾਂ ਕੋਲ ਕੁੱਲ 36 ਹਜ਼ਾਰ ਦੀ ਜਾਅਲੀ ਕਰੰਸੀ ਬਰਾਮਦ ਹੋਈ। ਉਥੇ ਐਕਟਿਵਾ ਸਵਾਰ ਗੁਰਮੀਤ ਸਿੰਘ ਅਤੇ ਵਿਜੇ ਕੁਮਾਰ ਮੌਕੇ ਤੋਂ ਫਰਾਰ ਹੋਗਏ।
ਪੁਲਿਸ ਨੇ ਗੁਰਮੀਤ ਸਿੰਘ ਦੇ ਘਰ ਵਿੱਚ ਛਾਪਾ ਮਾਰਿਆ ਤਾਂ ਉਥੋਂ 5 ਲੱਖ 2 ਹਜ਼ਾਰ 900 ਰੁਪਏ ਦੀ ਜਾਅਲੀ ਕਰੰਸੀ ਅਤੇ ਕੰਪਿਊਟਰ ਸਣੇ ਹਾਰਡ ਡਿਸਕ ਬਰਾਮਦ ਹੋਈ। ਵਿਜੇ ਦੇ ਘਰ ’ਤੇ ਤਾਲਾ ਲੱਗਾ ਹੋਇਆ ਸੀ। ਐੱਸਪੀ ਸੇਵਾ ਸਿੰਘ ਮੱਲੀ ਨੇ ਦੱਸਿਆ ਕਿ ਦੋਸ਼ੀਆਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਫਰਾਰ ਹੋਏ ਦੋਸ਼ੀਆਂ ਦੀ ਭਾਲ ਵਿੱਚ ਛਾਪੇ ਮਾਰੇ ਜਾ ਰਹੇ ਹਨ।