terrorists homes Intelligence team delhi: ਲੁਧਿਆਣਾ (ਤਰਸੇਮ ਭਾਰਦਵਾਜ)-ਦਿੱਲੀ ਦੀ ਸਪੈਸ਼ਲ ਸੈੱਲ ਵੱਲੋਂ ਫੜ੍ਹੇ ਗਏ ਰਾਏਕੋਟ ਦੇ 2 ਅੱਤਵਾਦੀ ਭੁਪਿੰਦਰ ਸਿੰਘ ਅਤੇ ਕੁਲਵੰਤ ਸਿੰਘ ਦੇ ਮਾਮਲੇ ‘ਚ ਦੋ ਦਿਨ੍ਹਾਂ ਬਾਅਦ ਉਨ੍ਹਾਂ ਦੇ ਘਰਾਂ ‘ਤੇ ਇੰਟੈਲੀਜੈਂਸ ਦੀ ਟੀਮ ਨੇ ਨਜ਼ਰਾਂ ਟਿਕਾਈ ਬੈਠੀ ਹੈ। ਇਸ ਦੌਰਾਨ ਅੱਤਵਾਦੀਆਂ ਦੇ ਘਰ ਆਉਣ ਜਾਣ ਵਾਲੇ ਹਰ ਸ਼ਖਸ ਦੀ ਇਨਪੁੱਟ ਦਿੱਲੀ ‘ਚ ਪਹੁੰਚ ਰਹੇ ਹਨ। ਇਸ ਦੇ ਨਾਲ ਹੀ ਰਾਏਕੋਟ ਪੁਲਿਸ ਨੇ ਵੀ ਆਪਣੇ ਪੱਧਰ ‘ਤੇ ਘਰ ਦੀ ਤਲਾਸ਼ੀ ਲਈ ਪਰ ਕੁਝ ਨਹੀਂ ਮਿਲਿਆ ਹੈ ਪਰ ਇੰਟਰਨਲ ਵਰਕਿੰਗ ਪੁਲਿਸ ਕਰ ਰਹੀ ਹੈ। ਪੁਲਿਸ ਵੀ ਇਸ ਮਾਮਲੇ ‘ਚ ਕੁਝ ਬੋਲਣ ਨੂੰ ਤਿਆਰ ਨਹੀਂ ਹੈ ਕਿਉਂਕਿ ਮਾਮਲਾ ਹਾਈਪ੍ਰੋਫਾਇਲ ਹੋਣ ਕਾਰਨ ਕੋਈ ਵੀ ਇਸ ‘ਚ ਛੇੜਛਾੜ ਨਹੀਂ ਕਰ ਰਹੇ। ਦੂਜੇ ਪਾਸੇ ਭੁਪਿੰਦਰ ਸਿੰਘ ਦੀ ਪਤਨੀ ਬਲਜਿੰਦਰ ਕੌਰ ਆਪਣੇ ਪਤੀ ਨੂੰ ਬੇਕਸੂਰ ਦੱਸ ਰਹੀ ਹੈ।
ਡੀ.ਐੱਸ.ਪੀ ਰਾਏਕੋਟ ਸੁਖਨਾਜ ਸਿੰਘ ਨੇ ਦੱਸਿਆ ਹੈ ਕਿ ਅਸੀਂ 2 ਦਿਨ ਪਹਿਲਾਂ ਹੀ ਚੈਕਿੰਗ ਕੀਤੀ ਸੀ, ਉਸ ਤੋਂ ਬਾਅਦ ਜੇਕਰ ਕੋਈ ਬਾਹਰੋ ਟੀਮ ਆਈ ਹੋਵੇ ਤਾਂ ਕਿਹਾ ਨਹੀਂ ਜਾ ਸਕਦਾ। ਇਸ ਮਾਮਲੇ ਨੂੰ ਦਿੱਲੀ ਟੀਮ ਹੀ ਦੇਖ ਰਹੀ ਹੈ। ਦੋਸ਼ੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਦਿੱਲੀ ਟੀਮ ਨੇ ਆਪਣੀ ਇੰਟੈਲੀਜੈਂਸ ਨੂੰ ਸਰਗਰਮ ਕਰ ਦਿੱਤਾ ਹੈ, ਜੋ ਕਿ ਇਨੀ ਦਿਨੀਂ ਭੁਪਿੰਦਰ ਸਿੰਘ ਦੇ ਪਿੰਡ ਤਾਜਪੁਰ ਅਤੇ ਕੁਲਵੰਤ ਸਿੰਘ ਦੇ ਪਿੰਡ ਬਿੰਜਲ ਦੀ ਹਰ ਐਕਟੀਵਿਟੀ ਨੂੰ ਨੋਟ ਕਰ ਰਹੇ ਹਨ। ਉਨ੍ਹਾਂ ਦੇ ਘਰ ਕਿੰਨੀਆ ਗੱਡੀਆਂ ਆਈਆਂ, ਗੱਡੀਆਂ ਦਾ ਨੰਬਰ ਕੀ ਸੀ ਅਤੇ ਕਿਸ ਗੱਲ ‘ਤੇ ਚਰਚਾ ਹੋਈ। ਇਹ ਸਾਰੀਆਂ ਇਨਪੁੱਟ ਦਿੱਲੀ ਸਪੈਸ਼ਲ ਟੀਮ ਨੂੰ ਨੋਟ ਕਰਵਾਈ ਜਾ ਰਹੀ ਹੈ।
ਦੱਸਣਯੋਗ ਹੈ ਕਿ ਦੋਸ਼ੀਆਂ ਦੀ ਗ੍ਰਿਫਤਾਰ ਦੇ ਅਗਲੇ ਹੀ ਦਿਨ ਰਾਏਕੋਟ ਪੁਲਿਸ ਦੇ ਅਧਿਕਾਰੀਆਂ ਨੇ ਭੁਪਿੰਦਰ ਅਤੇ ਕੁਲਵੰਤ ਦੋਵਾਂ ਦੇ ਘਰਾਂ ਦੀ ਚੈਕਿੰਗ ਕੀਤੀ। ਚੱਪੇ-ਚੱਪੇ ਨੂੰ ਖੰਗਾਲਿਆ ਪਰ ਕੁਝ ਹੱਥ ਨਹੀਂ ਲੱਗਿਆ। ਲਿਹਾਜ਼ਾ ਪੁਲਿਸ ਨੇ ਆਪਣੇ ਮੁਲਾਜ਼ਮਾਂ ਨੂੰ ਨਜ਼ਰ ਰੱਖਣ ਲਈ ਉੱਥੇ ਤਾਇਨਾਤ ਕਰ ਦਿੱਤਾ ਹੈ। ਇਸ ਤੋਂ ਇਲਾਵਾ ਪਿੰਡ ਦੇ ਲੋਕਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ,ਜਿਨ੍ਹਾਂ ਦੇ ਨਾਲ ਉਨ੍ਹਾਂ ਦਾ ਜਿਆਦਾ ਲਿੰਕ ਸੀ, ਉਨ੍ਹਾਂ ਨੂੰ ਵੀ ਬੁਲਾਇਆ ਜਾ ਰਿਹਾ ਹੈ ਹਾਲਾਂਕਿ ਇਸ ਗੱਲ ‘ਤੇ ਵੀ ਚਰਚਾ ਹੋਈ ਕਿ ਦਿੱਲੀ ਪੁਲਿਸ ਨੇ ਰਾਏਕੋਟ ‘ਚ ਰੇਡ ਮਾਰੀ ਪਰ ਕਿਸੇ ਨੇ ਵੀ ਪੁਸ਼ਟੀ ਨਹੀਂ ਕੀਤੀ। ਇਹ ਵੀ ਜਾਣਕਾਰੀ ਸਾਂਝੀ ਕੀਤੀ ਜਾਂਦਾ ਹੈ ਕਿ ਭੁਪਿੰਦਰ ਅਤੇ ਕੁਲਵੰਤ ਦੀ ਗ੍ਰਿਫਤਾਰੀ ਤੋਂ ਬਾਅਦ ਦਿੱਲੀ ਪੁਲਿਸ ਨੂੰ ਜੋ ਮੋਬਾਇਲ ਉਨ੍ਹਾਂ ਤੋਂ ਮਿਲੇ ਹਨ। ਇਨ੍ਹਾਂ ਨੰਬਰਾਂ ‘ਤੇ ਦਿੱਲੀ ਪੁਲਿਸ ਨੇ ਫੋਨ ਕਰਨੇ ਸ਼ੁਰੂ ਕਰ ਦਿੱਤੇ ਹਨ। ਇਸ ਤਹਿਤ ਲੁਧਿਆਣਾ, ਜਗਰਾਓ ਅਤੇ ਰਾਏਕੋਟ ਦੇ ਕੁਝ ਲੋਕਾਂ ਨੂੰ ਫੋਨ ਕੀਤਾ ਅਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਕਿ ਤੁਸੀਂ ਦੋਸ਼ੀਆਂ ਨੂੰ ਕਿਵੇ ਜਾਣਦੇ ਹੋ।