Rajasthan Royals Reveal New Jersey: ਇੰਡੀਅਨ ਪ੍ਰੀਮੀਅਰ ਲੀਗ ਦੇ 13ਵੇਂ ਸੀਜ਼ਨ ਵਿੱਚ ਰਾਜਸਥਾਨ ਰਾਇਲਜ਼ ਦੀ ਟੀਮ ਨਵੀਂ ਜਰਸੀ ਵਿੱਚ ਖੇਡਦੀ ਦਿਖਾਈ ਦੇਵੇਗੀ । ਰਾਜਸਥਾਨ ਰਾਇਲਜ਼ ਨੇ ਆਪਣੀ ਨਵੀਂ ਜਰਸੀ ਤੋਂ ਪਰਦੇ ਨੂੰ ਬਹੁਤ ਨਾਟਕੀ ਢੰਗ ਨਾਲ ਚੁੱਕਿਆ ਹੈ। ਇਸਦੇ ਨਾਲ ਹੀ ਰਾਜਸਥਾਨ ਰਾਇਲਜ਼ ਨੇ 2020 ਦੇ ਸੀਜ਼ਨ ਲਈ ਟੀਮ ਦੇ ਨਾਲ ਨਵੇਂ ਪਾਰਟਨਰਸ ਦੇ ਜੁੜਨ ਦਾ ਵੀ ਐਲਾਨ ਕੀਤਾ ਹੈ।
ਸੋਸ਼ਲ ਮੀਡੀਆ ‘ਤੇ ਵੀਡਿਓ ਜਾਰੀ ਕਰਕੇ ਰਾਜਸਥਾਨ ਰਾਇਲਜ਼ ਨੇ ਆਪਣੀ ਨਵੀਂ ਜਰਸੀ ਬਾਰੇ ਜਾਣਕਾਰੀ ਦਿੱਤੀ । ਇਸ ਵੀਡੀਓ ਵਿੱਚ ਖਿਡਾਰੀਆਂ ਨੂੰ ਜਹਾਜ਼ ਤੋਂ ਉਤਰਦੇ ਅਤੇ ਸਕਾਈਡਾਈਵਿੰਗ ਕਰਦੇ ਦਿਖਾਇਆ ਗਿਆ ਹੈ। ਸਿਰਫ ਇਹੀ ਨਹੀਂ ਬਲਕਿ ਰਾਜਸਥਾਨ ਰਾਇਲਜ਼ ਦੇ ਖਿਡਾਰੀ ਨਵੀਂ ਜਰਸੀ ਵਿੱਚ ਮਸਤੀ ਕਰਦੇ ਵੀ ਦਿਖਾਈ ਦੇ ਰਹੇ ਹਨ।
ਡੇਵਿਡ ਮਿਲਰ ਨੇ ਕਿਹਾ, “ਸਾਡੀ ਸਵੇਰ ਬਹੁਤ ਸ਼ਾਂਤ ਰਹਿੰਦੀ ਹੈ, ਪਰ ਅੱਜ ਦਾ ਦਿਨ ਵੱਖਰਾ ਸੀ।” ਸਾਨੂੰ ਵਿਚਾਲੇ ਆਉਣ ਲਈ ਬੋਲਿਆ ਗਿਆ ਅਤੇ ਇੱਕ ਸਰਪ੍ਰਾਈਜ਼ ਸਾਡਾ ਇੰਤਜ਼ਾਰ ਕਰ ਰਿਹਾ ਸੀ।” ਮਿਲਰ ਨੇ ਜਹਾਜ਼ ਤੋਂ ਛਾਲ ਮਾਰਨ ਦੇ ਤਜਰਬੇ ਨੂੰ ਸ਼ਾਨਦਾਰ ਦੱਸਿਆ ਹੈ। ਉਸਨੇ ਕਿਹਾ, “ਮੈਂ ਕੁਝ ਸਾਲ ਪਹਿਲਾਂ ਦੁਬਈ ਵਿੱਚ ਸਕਾਈਡਾਈਵਿੰਗ ਕੀਤੀ ਸੀ। ਉਨ੍ਹਾਂ ਯਾਦਾਂ ਨੂੰ ਦੁਬਾਰਾ ਤਾਜ਼ਾ ਕਰਨਾ ਇਕ ਬਹੁਤ ਵਧੀਆ ਤਜਰਬਾ ਸੀ।”
ਦੱਸ ਦੇਈਏ ਕਿ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਰਾਜਸਥਾਨ ਰਾਇਲਜ਼ ਦੀ ਮੁਹਿੰਮ 22 ਸਤੰਬਰ ਤੋਂ ਸ਼ੁਰੂ ਹੋਵੇਗੀ । ਹਾਲਾਂਕਿ, ਪਹਿਲੇ ਮੈਚ ਵਿੱਚ ਰਾਜਸਥਾਨ ਰਾਇਲਜ਼ ਨੂੰ ਆਪਣੇ ਸਟਾਰ ਖਿਡਾਰੀਆਂ ਤੋਂ ਬਿਨ੍ਹਾਂ ਮੈਦਾਨ ‘ਤੇ ਉਤਰਨਾ ਹੋਵੇਗਾ । ਕਪਤਾਨ ਸਟੀਵ ਸਮਿਥ, ਜੋਫਰਾ ਆਰਚਰ ਅਤੇ ਜੋਸ ਬਟਲਰ ਇੰਗਲੈਂਡ ਅਤੇ ਆਸਟ੍ਰੇਲੀਆ ਵਿਚਾਲੇ ਸੀਰੀਜ਼ ਕਾਰਨ 18 ਸਤੰਬਰ ਨੂੰ ਦੁਬਈ ਪਹੁੰਚ ਜਾਣਗੇ । ਇਹ ਸਾਰੇ ਖਿਡਾਰੀਆਂ ਨੂੰ 6 ਦਿਨਾਂ ਲਈ ਕੁਆਰੰਟੀਨ ਰਹਿਣਾ ਪਵੇਗਾ। ਸਮਿਥ ਦੀ ਗੈਰ-ਹਾਜ਼ਰੀ ਵਿੱਚ ਮਿਲਰ ਚੇੱਨਈ ਦੇ ਖਿਲਾਫ਼ ਮੈਚ ਦੀ ਕਮਾਨ ਸੰਭਾਲ ਸਕਦੇ ਹਨ।