GADVASU animals special chocolate: ਲੁਧਿਆਣਾ (ਤਰਸੇਮ ਭਾਰਦਵਾਜ)-ਬਾਜ਼ਾਰ ‘ਚ ਸਾਰਿਆਂ ਨੇ ਵੱਖ-ਵੱਖ ਕੰਪਨੀਆਂ ਦੀਆਂ ਚਾਕਲੇਟ ਦੇਖੀਆਂ ਅਤੇ ਖਾਦੀਆਂ ਜਰੂਰ ਹੋਣਗੀਆਂ ਪਰ ਕੀ ਤੁਸੀਂ ਕਦੇ ਪਸ਼ੂਆਂ ਲਈ ਬਣਾਇਆ ਚਾਕਲੇਟ ਦੇਖਿਆ। ਜੇਕਰ ਨਹੀਂ ਦੇਖੀਆਂ ਤਾਂ ਹੁਣ ਅਸੀਂ ਤੁਹਾਨੂੰ ਪਸ਼ੂਆਂ ਲਈ ਬਣਾਇਆ ਚਾਕਲੇਟ ਦਿਖਾਉਂਦੇ ਹਾਂ। ਦਰਅਸਲ ਲੁਧਿਆਣਾ ਦੇ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸ ਯੂਨੀਵਰਸਿਟੀ ਦੇ ਪਸ਼ੂ ਆਹਾਰ ਵਿਭਾਗ ਨੇ ਦੁਧਾਰੂ ਪਸ਼ੂਆਂ ਲਈ ਇੱਕ ਵਿਸ਼ੇਸ਼ ਚਾਕਲੇਟ ਬਣਾਈ ਹੈ, ਜਿਸਨੂੰ ‘ਪਸ਼ੂ ਚਾਟ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।
ਵੈਸੇ ਤਾਂ ਮਾਹਿਰਾਂ ਨੇ ਇਸ ਨੂੰ ਪਸ਼ੂ ਚਾਟ ਦਾ ਨਾਮ ਹੀ ਦਿੱਤਾ ਸੀ ਪਰ ਪਸ਼ੂ ਪਾਲਕਾਂ ਨੇ ਇਸ ਨੂੰ ਚਾਕਲੇਟ ਦੇ ਨਾਮ ਤੇ ਮੰਗਣਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਇਹ ਪਸ਼ੂ ਚਾਕਲੇਟ ਦੇ ਨਾਂ ਨਾਲ ਪ੍ਰਸਿੱਧ ਹੋਇਆ ਗਿਆ। ਇਹ ਚਾਕਲੇਟ ਪਸ਼ੂਆਂ ਲਈ ਲੋੜੀਂਦੇ ਪੌਸ਼ਟਿਕ ਤੱਤ ਨਾਲ ਭਰਪੂਰ ਹੈ ਅਤੇ ਸੁਆਦ ਇਸ ਤਰ੍ਹਾਂ ਹੈ ਕਿ ਪਸ਼ੂ ਇਸ ਨੂੰ ਜਲਦੀ ਖਾ ਲੈਂਦੇ ਹਨ, ਜਿਸ ਨਾਲ ਨਾ ਸਿਰਫ ਦੁਧਾਰੂ ਪਸ਼ੂਆਂ ਦੀ ਦੁੱਧ ਦੀ ਸਮਰੱਥਾ ਵਧਦੀ ਹੈ, ਬਲਕਿ ਦੁੱਧ ਦੀ ਗੁਣਵੱਤਾ ‘ਚ ਵੀ ਸੁਧਾਰ ਹੁੰਦਾ ਹੈ ਅਤੇ ਇਸ ਨਾਲ ਪਸ਼ੂਆਂ ‘ਚ ਬਿਮਾਰੀਆਂ ਨਾਲ ਲੜਨ ਦੀ ਯੋਗਤਾ ‘ਚ ਵੀ ਵਾਧਾ ਹੁੰਦਾ ਹੈ। ਇਹ ਚਾਕਲੇਟ ਇਕ ਇੱਟ ਦੇ ਆਕਾਰ ਦਾ ਹੈ ਅਤੇ ਇਸ ਦਾ ਵਜ਼ਨ ਤਕਰੀਬਨ 3 ਕਿਲੋ ਹੈ। ਇਸ ਤਿੰਨ ਕਿਲੋ ਵਜ਼ਨ ਵਾਲੇ ਚਾਕਲੇਟ ਦੀ ਕੀਮਤ ਸਿਰਫ 120 ਰੁਪਏ ਰੱਖੀ ਹੈ, ਜਿਸ ਕਾਰਨ ਮੰਗ ‘ਚ ਕਾਫ਼ੀ ਵਾਧਾ ਹੋਇਆ ਹੈ।ਮਾਹਿਰਾਂ ਮੁਤਾਬਕ ਕਿਸਾਨਾਂ ਨੂੰ ਪਸ਼ੂ ਚਾਕਲੇਟ ਤਿਆਰ ਕਰਨ ਦੀ ਸਿਖਲਾਈ ਵੀ ਦਿਤੀ ਜਾਂਦੀ ਹੈ, ਜਿਸ ਨਾਲ ਕਿਸਾਨ ਘਰ ‘ਚ ਇਸ ਪਸ਼ੂ ਚਾਕਲੇਟ ਨੂੰ ਤਿਆਰ ਕਰ ਸਕਦੇ ਹਨ ਅਤੇ ਵੇਚ ਕੇ ਮੁਨਾਫ਼ਾ ਵੀ ਕਮਾ ਸਕਦੇ ਹਨ।
ਚਾਕਲੇਟ ਨੂੰ ਤਿਆਰ ਕਰਨ ਵਾਲੇ ਵਿਗਿਆਨੀ ਡਾ. ਉਧੇਵੀਰ ਸਿੰਘ ਦੇ ਮੁਤਾਬਕ ਇਸ ਚਾਕਲੇਟ ਨੂੰ ਖਾਣ ਨਾਲ ਪਸ਼ੂਆਂ ਨੂੰ ਬਹੁਤ ਸਾਰੇ ਫਾਇਦੇ ਹੋਣਗੇ। ਗਾਵਾਂ ਅਤੇ ਮੱਝਾਂ ਤੋਂ ਇਲਾਵਾ ਇਸ ਨੂੰ ਦੂਜੇ ਪਸ਼ੂਆਂ ਵੀ ਖਾ ਸਕਦੇ ਹਨ, ਜੋ ਕਿ 6 ਮਹੀਨਿਆਂ ਤੋਂ ਵੱਧ ਉਮਰ ਦੇ ਹੋਣ। ਇਹ ਚਾਕਲੇਟ ਦੀ ਤਰ੍ਹਾਂ ਹੀ ਦਿਖਦਾ ਹੈ ਅਤੇ ਸੁਆਦ ਵੀ ਮਿੱਠਾ ਹੈ। ਇਹ ਚਾਕਲੇਟ ਪ੍ਰੋਟੀਨ, ਖਣਿਜ ਅਤੇ ਲੂਣ ਦਾ ਇੱਕ ਵਧੀਆ ਸਰੋਤ ਹੈ। ਇਸ ‘ਚ 41 ਪ੍ਰਤੀਸ਼ਤ ਕੱਚਾ ਪ੍ਰੋਟੀਨ, 1.4 ਪ੍ਰਤੀਸ਼ਤ ਚਰਬੀ, 11 ਪ੍ਰਤੀਸ਼ਤ ਐਨ.ਡੀ.ਐਫ, 2.0 ਪ੍ਰਤੀਸ਼ਤ ਫਾਈਬਰ ਅਤੇ 72.4 ਪ੍ਰਤੀਸ਼ਤ ਪਚਣਯੋਗ ਤੱਤਾਂ ਸ਼ਾਮਲ ਹਨ। ਇਸ ਨੂੰ ਖਾਣ ਨਾਲ ਬਾਂਝਪਨ ਦੀ ਸਮੱਸਿਆ ਦੂਰ ਹੁੰਦੀ ਹੈ ਅਤੇ ਪਸ਼ੂਆਂ ਦੀ ਜਣਨ ਸ਼ਕਤੀ ‘ਚ ਵਾਧਾ ਹੁੰਦਾ ਹੈ। ਪਸ਼ੂਆਂ ਦੀ ਪਾਚਨ ਪ੍ਰਣਾਲੀ ਮਜ਼ਬੂਤ ਹੁੰਦਾ ਹੈ, ਜਿਸ ਨਾਲ ਪਸ਼ੂਆਂ ਦੀ ਭੁੱਖ ਵਧਦੀ ਹੈ ਅਤੇ ਦੁੱਧ ਵੀ ਵੱਧਦਾ ਹੈ।
ਮਾਹਿਰਾਂ ਦੇ ਮੁਤਾਬਿਕ ਇਹ ਲੰਬੇ ਸਮੇਂ ਤਕ ਖਰਾਬ ਨਹੀਂ ਹੁੰਦਾ ਤੇ ਕਿਸਾਨ ਸਿਖਲਾਈ ਲੈ ਸਕਦੇ ਹਨ ਅਤੇ ਇਸ ਨੂੰ ਘਰ ‘ਚ ਹੀ ਬਣਾ ਸਕਦੇ ਹਨ ਅਤੇ ਇਸਨੂੰ ਬਾਜ਼ਾਰ ‘ਚ ਵੀ ਵੇਚ ਸਕਦੇ ਹਨ। ਡਾ. ਉਧੇਵੀਰ ਸਿੰਘ ਅਨੁਸਾਰ ਉਹਨਾਂ ਨੇ ਕੁਝ ਦਿਨ ਪਹਿਲਾਂ ਹੀ ਇਸ ਨੂੰ ਤਿਆਰ ਕੀਤਾ ਹੈ ਅਤੇ ਹੁਣ ਇਹ ਮੰਗ ਪੰਜਾਬ ਤੋਂ ਇਲਾਵਾ ਹਰਿਆਣਾ, ਰਾਜਸਥਾਨ, ਹਿਮਾਚਲ, ਜੰਮੂ ਅਤੇ ਕਸ਼ਮੀਰ ਦੇ ਪਸ਼ੂ ਪਾਲਕ ਵਲੋਂ ਵੀ ਕੀਤੀ ਜਾ ਰਹੀ ਹੈ। ਜਾ ਕਹਿ ਲਈ ਕਿ ਵਿਸ਼ੇਸ਼ ਚੌਕਲੇਟ ਦੀ ਮੰਗ ਪੰਜਾਬ ਦੇ ਨਾਲ ਲੱਗਦੇ ਰਾਜਾਂ ‘ਚ ਤੇਜੀ ਨਾਲ ਵਧਣ ਲੱਗੀ ਹੈ।
3 ਕਿਲੋਗ੍ਰਾਮ ਵਜ਼ਨ ਵਾਲਾ ਚਾਕਲੇਟ ਤਿਆਰ ਕਰਨ ਲਈ ਇੰਨੀ ਸਮੱਗਰੀ ਦੀ ਲੋੜ- ਨੌ ਸੌ ਗ੍ਰਾਮ ਮੋਲਾਸਿਸ (ਸੇਰਾ), 450 ਗ੍ਰਾਮ ਕਣਕ ਦਾ ਆਟਾ, 450 ਗ੍ਰਾਮ ਖਣਿਜ ਮਿਸ਼ਰਣ, 300 ਗ੍ਰਾਮ ਤੇਲ ਮੁਕਤ ਸਰ੍ਹੋਂ ਦਾ ਕੇਕ, 300 ਗ੍ਰਾਮ ਤੇਲ ਰਹਿਤ ਚਾਵਲ ਪਾਲਿਸ਼, 300 ਗ੍ਰਾਮ ਯੂਰੀਆ, 120 ਗ੍ਰਾਮ ਨਮਕ, 90 ਗ੍ਰਾਮ ਕੈਲਸ਼ੀਅਮ ਆਕਸਾਈਡ ਅਤੇ 90 ਗ੍ਰਾਮ ਗੁਆਰ ਗਮ ਵਰਤੇ ਜਾਂਦੇ ਹਨ। ਸੀਰਾ ਦੇ ਮਿਸ਼ਰਣ ਦੇ ਕਾਰਨ, ਇਸਦਾ ਸੁਆਦ ਚਾਕਲੇਟ ਦੀ ਤਰ੍ਹਾਂ ਮਿੱਠਾ ਹੈ। ਪਸ਼ੂ ਇਸ ਨੂੰ ਬੜੇ ਚਾਅ ਨਾਲ ਖਾਂਦੇ ਹਨ।