peoples protest dc kauke kalan: ਲੁਧਿਆਣਾ (ਤਰਸੇਮ ਭਾਰਦਵਾਜ)-ਇਹ ਹੈ ਸਮਾਰਟ ਸਿਟੀ ਦਾ ਸਭ ਤੋਂ ਵੱਡਾ ਪਿੰਡ ਕੌਂਕੇ ਕਲਾਂ, ਜਿਥੇ ਇਸ ਵੇਲੇ ਕਾਂਗਰਸ ਦੀ ਪੰਚਾਇਤ ਹੈ ਤੇ ਇਸੇ ਗੱਲ ਦਾ ਫਾਇਦਾ ਚੁੱਕਦੇ ਹੋਏ ਸਰਪੰਚ ਆਪਣੇ ਹੀ ਪਿੰਡ ਦੇ ਲੋਕਾਂ ਨਾਲ ਪਿੰਡ ‘ਚ ਨਵੇਂ ਥਾਂ ਤੇ ਹੱਡਾਂ ਰੋੜੀ ਬਣਾਉਣ ਲਈ ਧੱਕਾ ਕਰੀ ਜਾਂਦਾ, ਜਿਸ ਦੇ ਚਲਦੇ ਪਿੰਡ ਵਾਸੀਆਂ ਹਾਈ ਕੋਰਟ ‘ਚ ਇਸ ਮਾਮਲੇ ਦਾ ਕੇਸ ਲਾ ਦਿੱਤਾ ਤੇ ਅੱਜ ਹਾਈ ਕੋਰਟ ਦੇ ਹੁਕਮਾਂ ਮੁਤਾਬਕ ਜ਼ਿਲੇ ਦੇ ਡਿਪਟੀ ਕਮਿਸ਼ਨਰ ਮੌਕਾ ਦੇਖਣ ਆਏ ਪਰ ਪਿੰਡ ਵਾਸੀਆਂ ਨੇ ਜਿਥੇ ਉਨ੍ਹਾਂ ਦਾ ਘਿਰਾਓ ਕੀਤਾ, ਉੱਥੇ ਹੀ ਮੰਗ ਕੀਤੀ ਕਿ ਕਾਂਗਰਸੀ ਸਰਪੰਚ ਦਾ ਪੱਖ ਪੂਰਨ ਦੀ ਬਜਾਏ ਡਿਪਟੀ ਕਮਿਸ਼ਨਰ ਸਾਹਿਬ ਸੱਚਾਈ ਦਾ ਸਾਥ ਦੇ ਕੇ ਆਪਣੀ ਸਹੀ ਰਿਪੋਰਟ ਹਾਈ ਕੋਰਟ ਨੂੰ ਭੇਜਣ, ਤਾਂ ਜੋ ਪਿੰਡ ਵਾਸੀਆਂ ਦੀ ਸਮੱਸਿਆ ਦਾ ਹੱਲ ਹੋ ਸਕੇ।
ਦਰਅਸਲ ਜਿਥੇ ਇਸ ਸਮੇਂ ਹੱਡਾਂ ਰੋੜੀ ਹੈ, ਇਹ ਜਗ੍ਹਾਂ 90 ਸਾਲ ਪੁਰਾਣੀ ਹੈ ਤੇ ਪਿੰਡ ਵਾਸੀ ਚਾਹੁੰਦੇ ਹਨ ਕਿ ਇਹ ਹੱਡਾਂ ਰੋੜੀ ਇਥੇ ਹੀ ਰਹੇ, ਜੇਕਰ ਇਸ ਹੱਡਾਂ ਰੋੜੀ ਵਾਲੀ ਗਲੀ ‘ਚ ਵਸਦੇ ਚਾਰ ਘਰਾਂ ਦੇ ਲੋਕਾਂ ਨੂੰ ਕੋਈ ਸਮੱਸਿਆ ਹੈ ਤਾਂ ਪੰਚਾਇਤ ਇਸ ਹੱਡਾਂ ਰੋੜੀ ਦੀਆਂ ਕੰਧਾਂ ਉੱਚੀਆਂ ਕਰਵਾ ਕੇ ਇਸ ਸਮਸਿਆ ਦਾ ਹੱਲ ਕਰ ਸਕਦੀ ਹੈ ਪਰ ਪੰਚਾਇਤ ਇਨ੍ਹਾਂ ਚਾਰ ਕਾਂਗਰਸੀ ਘਰਾਂ ਨੂੰ ਖੁਸ਼ ਕਰਨ ਲਈ ਇਸ ਹੱਡਾਂ ਰੋੜੀ ਨੂੰ ਬਦਲ ਕੇ ਆਬਾਦੀ ਵਾਲੀ ਪੰਚਾਇਤੀ ਜ਼ਮੀਨ ‘ਤੇ ਬਦਲਣਾ ਚਾਹੁੰਦੀ ਹੈ, ਜਿਸ ਨਾਲ ਬਾਕੀ ਪਿੰਡ ਦੀ ਸਮਸਿਆ ਕਾਫੀ ਵੱਧ ਜਾਣਗੀਆਂ। ਪੰਚਾਇਤ ਦੇ ਇਸੇ ਧੱਕੇਸ਼ਾਹੀ ਨੂੰ ਰੋਕਣ ਲਈ ਪਿੰਡ ਵਾਸੀਆਂ ਨੇ ਇਸ ਹੱਡਾਂ ਰੋੜੀ ਦਾ ਕੇਸ ਹਾਈ ਕੋਰਟ ‘ਚ ਲਗਾ ਦਿੱਤਾ ਤੇ ਅੱਜ ਮੌਕਾ ਦੇਖਣ ਆਏ ਜਿਲੇ ਦੇ ਡਿਪਟੀ ਕਮਿਸ਼ਨਰ ਤੋਂ ਇਨਸਾਫ ਦੀ ਮੰਗ ਕੀਤੀ।
ਇਸ ਮੌਕੇ ਪਿੰਡ ਦੀ ਪੰਚਾਇਤ ਮੈਂਬਰ ਨੇ ਕਿਹਾ ਕਿ ਸਰਪੰਚ ਕਾਂਗਰਸੀ ਹੋਣ ਦਾ ਪੂਰਾ ਫਾਇਦਾ ਲੈ ਰਿਹਾ ਹੈ ਤੇ ਇਸੇ ਗੱਲ ਦੇ ਚਲਦਿਆਂ ਸਰਪੰਚ ਨੇ ਇਸ ਮਤੇ ‘ਤੇ ਉਨ੍ਹਾਂ ਦੇ ਸਾਈਨ ਕਾਰਵਾਉਣ ਦੀ ਲੋੜ ਨਹੀਂ ਸਮਝੀ। ਜਿਹੜਾ ਸਰਪੰਚ ਪੰਚਾਇਤ ਮੈਬਰਾਂ ਦੀ ਪਰਵਾਹ ਨਹੀਂ ਕਰਦਾ, ਉਹ ਪਿੰਡ ਵਾਸੀਆਂ ਦੀ ਪਰਵਾਹ ਕੀ ਕਰੇਗਾ।
ਇਸ ਪੂਰੇ ਮਾਮਲੇ ਬਾਰੇ ਜਦੋ ਡਿਪਟੀ ਕਮਿਸ਼ਨਰ ਸਾਹਿਬ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਇਸ ਮਾਮਲੇ ਨੂੰ ਹਾਈ ਕੋਰਟ ‘ਚ ਚਲਦਾ ਹੋਣ ਕਰਕੇ ਕੁਝ ਨਹੀਂ ਬੋਲੇ, ਪਰ ਪਿੰਡ ਦੇ ਕਾਂਗਰਸੀ ਸਰਪੰਚ ਜਗਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਵਲੋਂ ਕਿਸੇ ਪਿੰਡ ਵਾਸੀ ਨਾਲ ਧੱਕੇਸ਼ਾਹੀ ਨਹੀਂ ਕੀਤੀ ਜਾ ਰਹੀ ਤੇ ਇਸ ਸੰਬੰਧੀ ਜੋ ਵੀ ਫੈਸਲਾ ਹਾਈ ਕੋਰਟ ਵਲੋਂ ਆਵੇਗਾ, ਉਨ੍ਹਾਂ ਨੂੰ ਮਨਜ਼ੂਰ ਹੋਵੇਗਾ।ਫਿਲਹਾਲ ਕੁਝ ਵੀ ਹੋਵੇ, ਜਰੂਰਤ ਹੈ ਇਹੋ ਜਿਹੇ ਮੌਕੇ ਤੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪਿੰਡ ਤੇ ਪਿੰਡਵਾਸੀਆਂ ਲਈ ਕੰਮ ਕਰਨ ਦੀ ਤਾਂ ਜੋ ਪਿੰਡ ਵਾਸੀਆਂ ਦਾ ਵਿਸ਼ਵਾਸ ਪੰਚਾਇਤ ਤੇ ਬਣਿਆ ਰਿਹਾ ਸਕੇ ਤੇ ਪਿੰਡ ਵਾਸੀਆਂ ਨੂੰ ਕਿਸੇ ਤਰਾਂ ਦੀ ਕੋਈ ਸਮਸਿਆ ਵੀ ਨਾ ਆਵੇ।