ludhiana coronavirus positive cases: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਫਿਰ ਕੋਰੋਨਾ ਨੇ ਰਫਤਾਰ ਫੜ ਲਈ ਹੈ। ਵੈਸੇ ਤਾਂ ਸਤੰਬਰ ਮਹੀਨੇ ਦੌਰਾਨ ਕੋਰੋਨਾ ਦਾ ਪੀਕ ਦੌਰ ਚੱਲ ਰਿਹਾ ਹੈ ਪਰ ਪਹਿਲਾਂ ਜਿੱਥੇ ਮਾਮਲੇ ਘੱਟ ਹੋਏ ਸੀ ਉੱਥੇ 17 ਦਿਨਾਂ ਬਾਅਦ ਹੁਣ ਫਿਰ ਕੋਰੋਨਾ ਨੇ ਰਫਤਾਰ ਫੜ ਲਈ ਹੈ। ਜਾਣਕਾਰੀ ਮੁਤਾਬਕ ਲੁਧਿਆਣਾ ‘ਚ ਜਿੱਥੇ 26 ਅਗਸਤ ਨੂੰ 486 ਮਾਮਲੇ ਸਾਹਮਣੇ ਆਏ ਸੀ, ਜਿਨ੍ਹਾਂ ‘ਚੋਂ 472 ਲੁਧਿਆਣਾ ਦੇ ਬਾਕੀ ਹੋਰ ਜ਼ਿਲ੍ਹਿਆਂ ਤੋਂ ਸੀ ਉਥੇ ਹੀ ਬੀਤੇ ਦਿਨ ਸ਼ਨੀਵਾਰ ਭਾਵ 12 ਸਤੰਬਰ ਨੂੰ ਇਕ ਵਾਰ ਫਿਰ ਜ਼ਿਲ੍ਹੇ ‘ਚੋਂ 470 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ‘ਚੋਂ 435 ਲੁਧਿਆਣਾ ਦੇ ਅਤੇ 35 ਬਾਹਰੇ ਜ਼ਿਲ੍ਹਿਆਂ ਦੇ ਹਨ ਜਦਕਿ 16 ਮਰੀਜ਼ਾਂ ਨੇ ਦਮ ਤੋੜਿਆ ਜਿਨ੍ਹਾਂ ‘ਚੋਂ 13 ਲੁਧਿਆਣਾ ਦੇ ਹਨ ਤੇ ਬਾਕੀ ਹੋਰ ਜ਼ਿਲ੍ਹਿਆਂ ਦੇ ਹਨ।ਰਾਹਤ ਭਰੀ ਇਹ ਵੀ ਖਬਰ ਸਾਹਮਣੇ ਆਈ ਹੈ ਕਿ ਸ਼ਨੀਵਾਰ ਨੂੰ 199 ਮਰੀਜ਼ ਠੀਕ ਹੋਏ ਹਨ ਤੇ ਹੁਣ ਤੱਕ ਜ਼ਿਲ੍ਹੇ ਭਰ ‘ਚੋਂ 80 ਫੀਸਦੀ ਭਾਵ 10832 ਲੋਕ ਠੀਕ ਹੋ ਚੁੱਕੇ ਹਨ।
ਦੱਸਣਯੋਗ ਹੈ ਕਿ ਮਹਾਨਗਰ ‘ਚ ਹੁਣ ਤੱਕ ਕੋਰੋਨਾ ਪੀੜਤ ਮਾਮਲਿਆਂ ਦੀ ਗਿਣਤੀ 13445 ਤੱਕ ਪਹੁੰਚ ਚੁੱਕੀ ਹੈ ਜਦਕਿ 571 ਨਵੇਂ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਜ਼ਿਲ੍ਹੇ ‘ਚ ਹੁਣ 2039 ਸਰਗਰਮ ਮਾਮਲੇ ਹਨ ਤੇ ਇਨ੍ਹਾਂ ਸਰਗਰਮ ਮਾਮਲਿਆਂ ‘ਚੋਂ 997 ਮਰੀਜ਼ ਹੋਮ ਆਈਸੋਲੇਟ ਹਨ, ਜਿਨ੍ਹਾਂ ‘ਚੋਂ 158 ਸਰਕਾਰੀ ਤੇ 462 ਪ੍ਰਾਈਵੇਟ ਹਸਪਤਾਲ ‘ਚ ਭਰਤੀ ਹਨ। ਇਸ ਦੇ ਨਾਲ ਹੀ ਹੋਰ ਜ਼ਿਲ੍ਹਿਆਂ ਤੋਂ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 1456 ਤੱਕ ਪਹੁੰਚ ਚੁੱਕੀ ਹੈ, ਜਿਨ੍ਹਾਂ ‘ਚੋਂ 219 ਸਰਗਰਮ ਮਾਮਲੇ ਹਨ ਤੇ 151 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਹੁਣ ਤੱਕ 1,89,364 ਸੈਂਪਲ ਲਏ ਜਾ ਚੁੱਕੇ ਹਨ, ਜੋ ਕਿ ਆਰ.ਟੀ.ਪੀ.ਸੀ.ਆਰ- 134780, ਐਂਟੀਜਨ 53864 ਅਤੇ ਟਰੂਨੈਂਟ 720 ਆਦਿ ਸ਼ਾਮਿਲ ਹਨ।
ਅੰਕੜਿਆਂ ਮੁਤਾਬਕ ਮਹਾਨਗਰ ‘ਚ ਜਗਰਾਓ ਤੋਂ 445 ਕੋਰੋਨਾ ਮਾਮਲਿਆਂ ਦੀ ਪੁਸ਼ਟੀ ਹੋਈ ਤੇ 14 ਲੋਕਾਂ ਦੀ ਮੌਤ ਹੋਈ, ਰਾਏਕੋਟ ਤੋਂ 193 ਕੋਰੋਨਾ ਮਾਮਲਿਆਂ ਦੀ ਪੁਸ਼ਟੀ ਹੋਈ ਤੇ 5 ਲੋਕਾਂ ਦੀ ਮੌਤ ਹੋਈ, ਖੰਨਾ ਤੋਂ 401 ਮਾਮਲਿਆਂ ਦੀ ਪੁਸ਼ਟੀ ਹੋਈ 25 ਲੋਕਾਂ ਦੀ ਮੌਤ ਹੋਈ, ਸਮਰਾਲਾ ਤੋਂ 183 ਕੋਰੋਨਾ ਮਾਮਲਿਆਂ ਦੀ ਪੁਸ਼ਟੀ ਹੋਈ ਜਦਕਿ 9 ਲੋਕਾਂ ਦੀ ਮੌਤ ਹੋਈ, ਪਾਇਲ ਤੋਂ 232 ਕੋਰੋਨਾ ਮਾਮਲਿਆਂ ਦੀ ਪੁਸ਼ਟੀ ਹੋਈ ਤੇ 10 ਮੌਤਾਂ ਹੋਈਆਂ ਅਤੇ ਲੁਧਿਆਣਾ ਸ਼ਹਿਰ ਤੋਂ 11991 ਕੋਰੋਨਾ ਮਾਮਲਿਆਂ ਦੀ ਪੁਸ਼ਟੀ ਹੋਈ ਜਦਕਿ 505 ਮੌਤਾਂ ਹੋ ਚੁੱਕੀਆਂ ਹਨ।