ludhiana constables women gang: ਲੁਧਿਆਣਾ (ਤਰਸੇਮ ਭਾਰਦਵਾਜ)- ਇੱਕ ਵਾਰ ਫਿਰ ਖਾਕੀ ਦਾਗਦਾਰ ਹੁੰਦੀ ਨਜ਼ਰ ਆਈ ਹੈ ਕਿ ਜਿਨ੍ਹਾਂ ਨੂੰ ਲੋਕਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਦਿੱਤੀ ਗਈ, ਜੇਕਰ ਉਹ ਹੀ ਗਲਤ ਕੰਮ ਕਰਨ ਲੱਗ ਜਾਵੇਗਾ ਤਾਂ ਫਿਰ ਆਮ ਜਨਤਾ ਦਾ ਕੀ ਬਣੇਗਾ। ਦਰਅਸਲ ਮਾਮਲਾ ਲੁਧਿਆਣਾ ਦੇ ਮੁੱਲਾਂਪੁਰ ਦਾਖਾ ਤੋਂ ਸਾਹਮਣੇ ਆਇਆ ਹੈ ਜਿੱਥੇ ਇਸ ਹੌਲਦਾਰ ਨੇ ਇਕ ਔਰਤ ਨਾਲ ਮਿਲ ਕੇ ਗੈਂਗ ਬਣਾਇਆ ਸੀ , ਜੋ ਕਿ ਪਹਿਲਾਂ ਭੋਲੇਭਾਲੇ ਲੋਕਾਂ ਨੂੰ ਵਰਗਲਾ ਕੇ ਫੋਟੋ ਤੇ ਵੀਡੀਓ ਬਣਾਉਂਦੇ ਤੇ ਫਿਰ ਉਨ੍ਹਾਂ ਨੂੰ ਬਲੈਕਮੇਲ ਕਰਨ ਦੀਆਂ ਧਮਕੀਆਂ ਦੇ ਪੈਸੇ ਲੈਂਦੇ। ਇਸ ਮਾਮਲੇ ਦੀ ਮਿਲਦਿਆਂ ਹੀ ਪੁਲਿਸ ਨੇ ਛਾਪੇਮਾਰੀ ਕੀਤੀ ਤਾਂ ਦੋਸ਼ੀਆਂ ਨੂੰ ਕਾਬੂ ਕਰ ਲਿਆ।
ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਸ਼ਿਕਾਇਤਕਰਤਾ ਭਗਵੰਤ ਸਿੰਘ ਨੇ ਪੁਲਸ ਨੂੰ ਦੱਸਿਆ ਕਿ 9 ਸਤੰਬਰ ਨੂੰ ਮੈਨੂੰ ਇਸ ਗਿਰੋਹ ਦੀ ਮੈਂਬਰ ਔਰਤ ਗੁਰਦੇਵ ਕੌਰ ਨੇ ਮਿਲਣ ਲਈ ਬੁਲਾਇਆ, ਜੋ ਮੈਨੂੰ ਕਿਰਾਏ ‘ਤੇ ਲਏ ਕਮਰੇ ‘ਚ ਲੈ ਗਈ। ਕੁਝ ਸਮੇਂ ਬਾਅਦ ਹੀ ਗੁਰਦੇਵ ਕੌਰ ਨੇ ਕਿਸੇ ਨਾਲ ਮੋਬਾਇਲ ‘ਤੇ ਗੱਲਬਾਤ ਕੀਤੀ, ਜਿੱਥੇ ਇਕ ਸਕਾਰਪੀਓ ਗੱਡੀ ‘ਚ 4 ਵਿਅਕਤੀ ਕਮਰੇ ‘ਚ ਆ ਗਏ, ਜਿਨ੍ਹਾਂ ਨੇ ਕਮਰੇ ‘ਚ ਅੰਦਰ ਆਉਂਦੇ ਸਾਰ ਹੀ ਮੇਰੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਮੈਨੂੰ ਕਹਿਣ ਲੱਗੇ ਕਿ ਤੂੰ ਗੈਰ ਕਾਨੂੰਨੀ ਕੰਮ ਕਰ ਰਿਹਾ ਹੈ। ਮੇਰੇ ‘ਤੇ ਮੁਕੱਦਮਾ ਦਰਜ ਕਰਨ ਦਾ ਡਰਾਵਾ ਦੇ ਕੇ ਮੇਰੇ ਤੋ ਪੈਸੇ, ਮੋਬਾਇਲ ਫੋਨ ਅਤੇ ਡੈਬਿਟ ਕਾਰਡ ਖੋਹ ਲਏ ਅਤੇ ਮੇਰੀਆਂ ਗੁਰਦੇਵ ਕੌਰ ਨਾਲ ਤਸਵੀਰਾਂ ਖਿੱਚ ਲਈਆਂ।ਇਸ ਤੋਂ ਬਾਅਦ ਤਸਵੀਰਾਂ ਜਨਤਕ ਕਰਨ ਦੀ ਧਮਕੀ ਦੇ ਕੇ ਇਕ ਲੱਖ ਰੁਪਏ ਹੋਰ ਮੰਗਣ ਲੱਗੇ। ਬਦਨਾਮੀ ਦੇ ਡਰੋਂ ਮੈਂ ਮਿੰਨਤਾਂ ਕੀਤੀਆਂ ਪਰ ਬਦਮਾਸ਼ਾਂ ਨੇ ਮੈਨੂੰ ਡਰਾ ਕੇ ਜ਼ਬਰਦਸਤੀ ਸਕਾਰਪੀਓ ਗੱਡੀ ‘ਚ ਬਿਠਾ ਲਿਆ ਅਤੇ ਇਕ ਵਿਅਕਤੀ ਨੇ ਮੇਰਾ ਮੋਟਰਸਾਈਕਲ ਹੀਰੋ ਗੱਡੀ ਦੇ ਪਿੱਛੇ ਲਾ ਲਿਆ। ਉਕਤ ਲੋਕਾਂ ਨੇ ਜ਼ਬਰਦਸਤੀ ਕਰਕੇ ਏਜੰਸੀ ਮਨਸੂਰਾਂ ਲੈ ਗਏ ਅਤੇ ਜਿੱਥੇ ਮੈਨੂੰ ਮੋਟਰਸਾਈਕਲ ਵੇਚ ਕੇ ਪੈਸੇ ਦੇਣ ਨੂੰ ਕਿਹਾ। ਜਦੋਂ ਮੈਂ ਏਜੰਸੀ ਅੰਦਰ ਚਲਾ ਗਿਆ ਤਾਂ ਮੈਂ ਉੱਥੋ ਮੌਕਾ ਦੇਖ ਕੇ ਫਰਾਰ ਹੋ ਕੇ ਜਾਨ ਬਚਾਈ।
ਇਸ ਤੋਂ ਬਾਅਦ ਜਦੋਂ ਮੈਂ ਅੱਜ ਮੋਹੀ ਤੋਂ ਮੁੱਲਾਂਪੁਰ ਆ ਰਿਹਾ ਸੀ ਤਾਂ ਕਰੀਬ ਅੱਧਾ ਕਿਲੋਮੀਟਰ ਜਾਂਗਪੁਰ ਪੁੱਜਾ ਤਾਂ ਦੇਖਿਆ ਕਿ ਉਹੀ ਵਿਅਕਤੀ ਗੁਰਦੇਵ ਕੌਰ ਨਾਲ ਇਕ ਹੋਰ ਲੜਕੀ ਅਤੇ ਬਜ਼ੁਰਗ ਵਿਅਕਤੀ ਨੂੰ ਘੇਰ ਕੇ ਖੜ੍ਹੇ ਸਨ ਅਤੇ ਮੈਨੂੰ ਯਕੀਨ ਹੋ ਗਿਆ ਕਿ ਇਹ ਇਸ ਬਜ਼ੁਰਗ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ ਤਾਂ ਮੈਂ ਥਾਣਾ ਦਾਖਾ ਦੀ ਪੁਲਿਸ ਨੂੰ ਸੂਚਿਤ ਕੀਤਾ ਤਾਂ ਮੌਕੇ ‘ਤੇ ਪੁੱਜ ਕੇ ਪੁਲਿਸ ਨੇ ਬਜ਼ੁਰਗ ਜ਼ੋਰਾ ਸਿੰਘ ਜਿਸ ਦੀ ਇਕ ਮੋਟਰ ‘ਤੇ ਅਸ਼ਲੀਲ ਵੀਡੀਓ ਬਣਾਈ ਸੀ, ਕੋਲੋਂ ਇਕ ਲੱਖ ਰੁਪਏ ਬਟੋਰਨ ਦੀ ਤਾਕ ‘ਚ ਮੁਲਜ਼ਮ ਉਸਦੇ ਘਰ ਜਾ ਰਹੇ ਸਨ, ਦੇ ਬਿਆਨਾਂ ਦੇ ਆਧਾਰ ‘ਤੇ ਪੁਲਸ ਨੇ ਹੌਲਦਾਰ ਕੁਲਵੰਤ ਸਿੰਘ ਅਤੇ ਉਸਦੇ ਸਾਥੀ ਪਵਨ ਸਿੰਘ ਨੂੰ ਗ੍ਰਿਫਤਾਰ ਕਰ ਲਿਆ।ਮਾਮਲੇ ਦੀ ਜਾਂਚ ਸਬ-ਇੰਸਪੈਕਟਰ ਕਿਰਨਦੀਪ ਕੌਰ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਤੋਂ ਇਕ ਸਕਾਰਪੀਓ, ਮੋਬਾਇਲ ਅਤੇ ਇਕ ਮੋਟਰਸਾਈਕਲ ਬਰਾਮਦ ਕੀਤਾ ਹੈ। ਇਸ ਤੋਂ ਇਲਾਵਾ ਹੌਲਦਾਰ ਕੁਲਵੰਤ ਸਿੰਘ ਭੋਡੀਵਾਲ ਥਾਣਾ ਧਰਮਕੋਟ, ਉਸ ਦੇ ਨਾਲ ਇਕ ਔਰਤ ਗੁਰਦੇਵ ਕੌਰ ਉਰਫ ਜੋਤੀ ਪਿੰਡ ਮੋਹੀ, ਪਵਨ ਸਿੰਘ ਵਾਸੀ ਕੋਕਰੀ ਕਲਾਂ, ਅੰਮ੍ਰਿਤ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਲਿਆ ਗਿਆ ਹੈ।