firing hosiery merchant upkar nagar: ਲੁਧਿਆਣਾ (ਤਰਸੇਮ ਭਾਰਦਵਾਜ)- ਸ਼ਹਿਰ ‘ਚ ਉਸ ਸਮੇਂ ਸਨਸਨੀ ਵਾਲਾ ਮਾਹੌਲ ਪੈਦਾ ਹੋ ਗਿਆ ਜਦੋਂ ਇੱਥੇ ਦੇਰ ਰਾਤ ਕੁਝ ਨੌਜਵਾਨਾਂ ਵੱਲੋਂ ਫਾਇਰਿੰਗ ਕੀਤੀ ਗਈ। ਜਾਣਕਾਰੀ ਮੁਤਾਬਕ ਇਹ ਘਟਨਾ ਐਤਵਾਰ ਰਾਤ ਲਗਭਗ 10 ਵਜੇ ਸ਼ਿਵ ਮੰਦਰ ਰੋਡ, ਪ੍ਰੇਮ ਨਗਰ ‘ਚ ਹੌਜਰੀ ਕਾਰੋਬਾਰੀ ਦੇ ਘਰ ਬਾਹਰ ਵਾਪਰੀ, ਜਿੱਥੇ ਨੌਜਵਾਨਾਂ ਵੱਲੋਂ ਹਵਾਈ ਫਾਇਰ ਕਰਕੇ ਸਫੈਦ ਰੰਗ ਦੀ ਫਾਰਚੂਨਰ ਗੱਡੀ ਰਾਹੀਂ ਫਰਾਰ ਹੋ ਗਏ। ਫਾਇਰਿੰਗ ਤੋਂ ਬਾਅਦ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਮੌਕੇ ’ਤੇ ਪਹੁੰਚੀ ਥਾਣਾ ਨੰਬਰ-8 ਦੀ ਪੁਲਸ ਜਾਂਚ ‘ਚ ਜੁੱਟ ਗਈ। ਪੁਲਸ ਨੇ ਘਟਨਾ ਸਥਾਨ ਤੋਂ 2 ਖਾਲੀ ਖੋਲ ਬਰਾਮਦ ਕੀਤੇ ਹਨ। ਦੂਜੇ ਪਾਸੇ ਇਹ ਸਾਰੀ ਘਟਨਾ ਉੱਥੇ ਲੱਗੇ ਸੀ.ਸੀ.ਟੀ.ਵੀ ਕੈਮਰੇ ‘ਚ ਕੈਦ ਹੋ ਗਈ, ਜਿਸ ਨੂੰ ਪੁਲਿਸ ਖੰਗਾਲ ਰਹੀ ਹੈ। ਦੱਸ ਦੇਈਏ ਕਿ ਇਕ ਪਾਸੇ ਤਾਂ ਜਿੱਥੇ ਵੀਕੈਂਡ ਲਾਕਡਾਊਨ ਦੇ ਚੱਲਦਿਆਂ ਲੋਕਾਂ ਨੂੰ ਘਰ ‘ਚ ਰਹਿਣ ਲਈ ਅਪੀਲ ਕੀਤੀ ਜਾਂਦੀ ਹੈ, ਉੱਥੇ ਹੀ ਇਨ੍ਹਾਂ ਨੌਜਵਾਨਾਂ ਨੇ ਨਿਯਮਾਂ ਨੂੰ ਛਿੱਕੇ ‘ਤੇ ਟੰਗਦੇ ਹੋਏ ਇਸ ਘਟਨਾ ਨੂੰ ਅੰਜ਼ਾਮ ਦਿੱਤਾ।
ਏ.ਸੀ.ਪੀ. ਸਿਵਲ ਲਾਈਨ ਜਤਿੰਦਰ ਕੁਮਾਰ ਮੁਤਾਬਕ ਹੌਜਰੀ ਕਾਰੋਬਾਰੀ ਯੁਗੇਸ਼ ਮੈਣੀ ਨੇ ਸ਼ਿਕਾਇਤ ਦਰਜ ਕਰਵਾਈ, ਜਿਸ ‘ਚ ਉਸ ਨੇ ਦੱਸਿਆ ਕਿ ਰਾਤ ਦੇ ਸਮੇਂ ਉਹ ਆਪਣੇ ਘਰ ਦੇ ਬਾਹਰ ਆਂਢ-ਗੁਆਂਢ ਦੇ ਲੋਕਾਂ ਨਾਲ ਬੈਠਾ ਹੋਇਆ ਸੀ। ਉਦੋਂ ਫਾਰਚੂਨਰ ਕਾਰ ‘ਚ ਦੋ ਨੌਜਵਾਨ ਆਏ, ਜਿਨ੍ਹਾਂ ਨੇ ਤਾਲਾਬੰਦੀ ਦੌਰਾਨ ਵੀ ਘਰ ਦੇ ਬਾਹਰ ਆ ਕੇ ਗਾਲੀ-ਗਲੋਚ ਕੀਤਾ ਤੇ ਹਵਾਈ ਫਾਇਰ ਕਰਦੇ ਹੋਏ ਫਰਾਰ ਹੋ ਗਏ। ਇਸ ਸਬੰਧੀ ਪੀੜਤ ਜਦੋਂ ਆਪਣੇ ਦੋਸਤ ਨਾਲ ਸ਼ਿਕਾਇਤ ਦਰਜ ਕਰਵਾਉਣ ਕੈਲਾਸ਼ ਨਗਰ ਚੌਂਕੀ ‘ਚ ਗਏ, ਜਿਵੇਂ ਹੀ ਉਹ ਚੌਂਕੀ ‘ਚੋਂ ਸ਼ਿਕਾਇਤ ਦਰਜ ਕਰਵਾ ਕੇ ਬਾਹਰ ਆ ਰਹੇ ਸਨ ਤਾਂ ਪਰਿਵਾਰਕ ਮੈਂਬਰਾਂ ਵੱਲੋਂ ਦੱਸਿਆ ਕਿ ਉਨ੍ਹਾਂ ਲੜਕਿਆਂ ਵੱਲੋਂ ਫਿਰ ਤੋਂ ਘਰ ਦੇ ਬਾਹਰ ਆ ਕੇ ਹਵਾਈ ਫਾਇਰ ਕੀਤੇ ਜਾ ਰਹੇ ਹਨ। ਪੁਲਿਸ ਵੱਲੋਂ ਧਾਰਾ 336 , ਆਰਮਜ਼ ਐਕਟ ਤਹਿਤ ਕੇਸ ਦਰਜ ਕੀਤਾ ਜਾ ਰਿਹਾ ਹੈ।