Khanna SHO beating case: ਲੁਧਿਆਣਾ (ਤਰਸੇਮ ਭਾਰਦਵਾਜ)- ਖੰਨਾ ਸਦਰ ਥਾਣਾ ‘ਚ ਪਿਓ-ਪੁੱਤ ਸਮੇਤ ਤਿੰਨ ਲੋਕਾਂ ਨੂੰ ਨਗਨ ਕਰ ਕੇ ਉਨ੍ਹਾਂ ਦੀ ਵੀਡੀਓ ਵਾਇਰਲ ਕਰਨ ਦੇ ਮਾਮਲੇ ‘ਚ ਪੀੜਤ ਜਗਪਾਲ ਸਿੰਘ ਜੋਗੀ ਨੇ ਫਿਰ ਆਪਣੀ ਜਾਨ ਨੂੰ ਖਤਰਾ ਦੱਸਿਆ। ਪੀੜਤ ਜਗਪਾਲ ਸਿੰਘ ਜੋਗੀ ਨੇ ਬੀਤੇ ਦਿਨ ਭਾਵ ਸੋਮਵਾਰ ਨੂੰ ਆਪਣੇ ਵਕੀਲ ਗੁਨਿੰਦਰ ਸਿੰਘ ਬਰਾੜ ਅਤੇ ਐੱਸ.ਐੱਸ.ਪੀ ਖੰਨਾ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਕਿਹਾ ਕਿ ਮਾਮਲੇ ‘ਚ ਤਿੰਨ ਲੋਕ ਅਜਿਹੇ ਵੀ ਹਨ, ਜੋ ਐੱਫ.ਆਈ.ਆਰ ‘ਚ ਸ਼ਾਮਲ ਨਾ ਹੋਣ ਕਾਰਨ ਸ਼ਰੇਆਮ ਘੁੰਮ ਰਹੇ ਹਨ। ਉਸ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ।
ਐੱਸ.ਐੱਸ.ਪੀ ਨੂੰ ਸੌਪੀ ਦਰਖਾਸਤ ‘ਚ ਜਗਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਮੁਲਜ਼ਮ ਤੇ ਉਸਦੇ ਸਾਥੀਆਂ ਕੋਲੋਂ ਜਾਨ ਦਾ ਖ਼ਤਰਾ ਹੈ, ਜੋ ਲੋਕ ਬਾਹਰ ਘੁੰਮ ਰਹੇ ਹਨ, ਉਹ ਕਦੇ ਵੀ ਉਨ੍ਹਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਜੋਗੀ ਨੇ ਕਿਹਾ ਹੈ ਕਿ ਜੇਕਰ ਉਨ੍ਹਾਂ ਦਾ ਕੋਈ ਜਾਨੀ ਨੁਕਸਾਨ ਹੁੰਦਾ ਹੈ ਤਾਂ ਇਸ ਲਈ ਖੰਨਾ ਪੁਲਿਸ ਤੇ ਮੁਲਜ਼ਮ ਤੇ ਉਸ ਦੇ ਸਾਥੀ ਜ਼ਿੰਮੇਵਾਰ ਹੋਣਗੇ। ਉਨ੍ਹਾਂ ਪੁਲਿਸ ਤੋਂ ਜਾਨ ਦੀ ਸੁਰੱਖਿਆ ਮੰਗੀ ਹੈ।
ਜ਼ਿਕਰਯੋਗ ਹੈ ਕਿ ਪਿਓ-ਪੁੱਤ ਸਮੇਤ ਤਿੰਨ ਲੋਕਾਂ ਨੂੰ ਨਗਨ ਕਰ ਕੇ ਕੁੱਟਮਾਰ ਕਰਨ ਅਤੇ ਵੀਡੀਓ ਬਣਾਉਣ ਦੇ ਦੇ ਮੁੱਖ ਦੋਸ਼ੀ ਮੁਲਜ਼ਮ ਸਦਰ ਥਾਣੇ ਦੇ ਸਾਬਕਾ ਐੱਸ.ਐੱਚ.ਓ ਬਲਜਿੰਦਰ ਸਿੰਘ ਨੇ ਸੁਪਰੀਮ ਕੋਰਟ ਤੋਂ ਅਗਾਮੀ ਜ਼ਮਾਨਤ ਦੀ ਪਟੀਸ਼ਨ ਖਾਰਜ ਹੋਣ ਉਪਰੰਤ ਆਤਮ ਸਮਰਪਣ ਕਰ ਦਿੱਤਾ ਸੀ। 2 ਦਿਨਾਂ ਦੇ ਰਿਮਾਂਡ ਮਗਰੋਂ ਅਦਾਲਤ ਨੇ ਬਲਜਿੰਦਰ ਨੂੰ ਜੇਲ੍ਹ ਭੇਜਣ ਦੇ ਆਦੇਸ਼ ਦਿੱਤੇ ਸਨ ਪਰ ਕੋਰੋਨਾ ਪਾਜ਼ੀਟਿਵ ਆਉਣ ਕਾਰਨ ਬਲਜਿੰਦਰ ਨੂੰ ਕਿਸ਼ਨਗੜ੍ਹ ਸਥਿਤ ਕੁਲਾਰ ਨਰਸਿੰਗ ਕਾਲਜ ‘ਚ ਆਈਸੋਲੇਸ਼ਨ ਸੈਂਟਰ ‘ਚ ਰੱਖਿਆ ਗਿਆ ਹੈ।