smartcity waste Processing Indore: ਲੁਧਿਆਣਾ (ਤਰਸੇਮ ਭਾਰਦਵਾਜ)- ਸ਼ਹਿਰ ‘ਚ ਤਾਜਪੁਰ ਰੋਡ ‘ਤੇ ਸਾਲਾਂ ਪੁਰਾਣੇ ਡੰਪ ‘ਚ ਪਏ ਲਗਭਗ 15 ਲੱਖ ਮੀਟ੍ਰਿਕ ਟਨ ਕੂੜੇ ਦੀ ਪ੍ਰੋਸੈਸਿੰਗ ਲਈ ਨਗਰ ਨਿਗਮ 100 ਕਰੋੜ ਰੁਪਏ ਖਰਚ ਕਰਨ ਜਾ ਰਿਹਾ ਹੈ, ਹਾਲਾਂਕਿ ਨਿਗਮ ਦੇ ਕੋਲ ਇੰਨਾ ਫੰਡ ਨਹੀਂ ਹੈ ਪਰ ਸਮਾਰਟ ਸਿਟੀ ਲਿਮਟਿਡ ਤੋਂ ਪੈਸਾ ਲਿਆ ਜਾਵੇਗਾ। ਜੇਕਰ ਇੰਦੌਰ ਦੀ ਗੱਲ ਕਰੀਏ ਤਾਂ ਉੱਥੇ ਵੀ 143 ਏਕੜ ‘ਚ ਕੂੜਾ ਡੰਪ ਸੀ, ਜਿੱਥੇ ਸਾਲਾਂ ਪੁਰਾਣੇ 15 ਲੱਖ ਮੀਟ੍ਰਿਕ ਟਨ ਕਚਰੇ ਦੀ ਪ੍ਰੋਸੈਸਿੰਗ ਕਰ ਡੰਪ ਸਾਈਟ ਨੂੰ ਸਿਰਫ 12 ਕਰੋੜ ਖਰਚ ਕਰ ਸੁੰਦਰ ਮੈਦਾਨ ਲੋਕਾਂ ਲਈ ਬਣਾ ਦਿੱਤਾ। ਇਸ ਦੌਰਾਨ ਲੁਧਿਆਣਾ ਨਿਗਮ ਇੰਦੌਰ ਤੋਂ ਸਿੱਖਿਆ ਲੈ ਕੇ ਕੋਰੋੜਾ ਰੁਪਏ ਬਚਾ ਸਕਦਾ ਹੈ। ਇੰਦੌਰ ‘ਚ ਇਸ ਸਮੇਂ ਉਸ ਡੰਪ ਸਾਈਟ ‘ਤੇ ਪ੍ਰੀ-ਵੈਡਿੰਗ ਸ਼ੂਟ ਹੁੰਦੀ ਹੈ। ਲੋਕ ਪਿਕਨਿਕ ਮਨਾਉਣ ਜਾਂਦੇ ਹਨ। ਇੱਥੇ ਵੱਖ ਵੱਖ ਬਗੀਚੇ ਬਣਾਏ ਗਏ ਹਨ। ਦੱਸ ਦੇਈਏ ਕਿ ਅਗਸਤ ਮਹੀਨੇ ‘ਚ ਐੱਨ.ਜੀ.ਟੀ ‘ਚ ਮੀਟਿੰਗ ਦੌਰਾਨ ਨਿਗਮ ਨੂੰ 2 ਮਹੀਨੇ ਦਾ ਸਮਾਂ ਦੇ ਕੇ ਕੂੜੇ ਦਾ ਨਿਪਟਾਰਾ ਕਰਨ ਲਈ ਕਿਹਾ ਹੈ। ਇਸ ਦੇ ਨਾਲ ਹੀ ਪੀ.ਪੀ.ਸੀ.ਬੀ ਨੇ ਲੱਖਾਂ ਦੀ ਬੈਂਕ ਗਾਰੰਟੀ ਵੀ ਮੰਗੀ ਹੈ।
ਸਾਲਾਂ ਪੁਰਾਣੇ ਡੰਪ ਤੋਂ ਕੂੜੇ ਦੇ ਨਿਪਟਾਰੇ ਨੂੰ ਪਹਿਲਾਂ 100 ਕਰੋੜ ਦਾ ਬਜਟ ਬਣਾ ਕੇ ਵਰਲਡ ਬੈਂਕ ਨੂੰ ਸਦਨ ‘ਚ ਪ੍ਰਸਤਾਵ ਰੱਖਿਆ। ਇਸ ਨੂੰ ਸੂਬਾ ਸਰਕਾਰ ਦੇ ਕੋਲ ਭੇਜਿਆ ਗਿਆ, ਹਾਲਾਂਕਿ ਇਸ ਨੂੰ ਹੁਣ ਮਨਜ਼ੂਰੀ ਨਹੀਂ ਮਿਲੀ ਜਦਕਿ ਨਿਗਮ ਬਜਟ ‘ਚ 2020-21 ‘ਚ ਵੀ 100 ਕਰੋੜ ਵੱਖਰੇ ਤੌਰ ‘ਤੇ ਇਸ ਕੂੜੇ ਦੇ ਪ੍ਰਬੰਧ ਲਈ ਰੱਖਿਆ ਗਿਆ ਸੀ। ਇਸ ਦੇ ਨਾਲ ਹੀ ਯੋਜਨਾ ਬਣਾਈ ਗਈ ਹੈ ਕਿ ਪਹਿਲਾਂ ਜਲੰਧਰ ਦੇ ਪੈਟਰਨ ‘ਤੇ ਕੂੜੇ ਲਈ ਵੱਖਰੀ ਮਸ਼ੀਨਰੀ ਖਰੀਦ ਨਿਪਟਾਰਾ ਕੀਤਾ ਜਾਵੇਗਾ। ਉਸ ਹਿਸਾਬ ਨਾਲ 200 ਕਰੋੜ ਦਾ ਬਜਟ ਬਣ ਰਿਹਾ ਸੀ। ਇਸ ਤੋਂ ਬਾਅਦ ਪਟਿਆਲਾ ਦੇ ਪੈਟਰਨ ‘ਤੇ ਗੱਲ ਸਾਹਮਣੇ ਆਈ, ਜਿੱਥੇ ਪ੍ਰਤੀ ਲੱਖ ਮੀ.ਟਨ ਦਾ 8-9 ਕਰੋੜ ਰੁਪਏ ਖਰਚ ਹੋਣ ਦੀ ਗੱਲ ਸਾਹਮਣੇ ਆਈ ਹੈ, ਸਾਰਾ ਪੈਸਾ ਸਮਾਰਟ ਸਿਟੀ ਤਹਿਤ ਡੀ.ਪੀ.ਆਰ ਤਿਆਰ ਕਰ ਖਰਚ ਕਰਨ ਦੀ ਤਿਆਰੀ ‘ਚ ਹੈ।
ਦੱਸਣਯੋਗ ਹੈ ਕਿ ਕੁੱਲ 104 ਏਕੜ ਦੇ ਇਲਾਕੇ ‘ਚ ਡੰਪ ਸਾਈਟ ਬਣੀ ਹੈ। ਇਸ ‘ਚ 50 ਏਕੜ ਤੋਂ ਜਿਆਦਾ ਜ਼ਮੀਨ ‘ਤੇ ਪੁਰਾਣੇ ਕੂੜੇ ਦਾ ਡੰਪ ਪਿਆ ਹੈ। ਡੰਪ ਸਾਈਟ ਨੂੰ ਇੰਦੌਰ ਪੈਟਰਨ ‘ਤੇ ਕੰਮ ਕਰਕੇ ਸਾਫ ਕੀਤੇ ਜਾਣ ਤੋਂ ਨਿਗਮ ਨੂੰ ਫੰਡ ਦੀ ਬਚਤ ਹੋਵੇਗੀ। ਇਸ ਦੇ ਨਾਲ ਨਿਗਮ ਨੂੰ ਇਕ ਤਾਂ 50 ਏਕੜ ਤੋਂ ਜਿਆਦਾ ਖਾਲੀ ਜ਼ਮੀਨ ਮਿਲੇਗੀ। ਕੂੜੇ ਦੇ ਕਾਰਨ ਹੁਣ ਉੱਥੇ ਵੀ ਵਾਤਾਵਰਣ ਕਾਫੀ ਪ੍ਰਦੂਸ਼ਿਤ ਹੋ ਰਿਹਾ ਹੈ। ਇਸ ਦੇ ਨਾਲ ਉਹ ਵੀ ਖਤਮ ਹੋਵੇਗਾ। ਖਾਲੀ ਜ਼ਮੀਨ ਨੂੰ ਨਿਗਮ ਕਿਸੇ ਵੀ ਕੰਮ ਦੇ ਲਈ ਵਰਤੋਂ ‘ਚ ਲਿਆ ਸਕੇਗਾ।