UAE ready for IPL 2020: ਇੰਡੀਅਨ ਪ੍ਰੀਮੀਅਰ ਲੀਗ (IPL) 2020 ਦੇ ਆਗਾਜ਼ ਵਿੱਚ ਅਜੇ ਕੁਝ ਹੀ ਦਿਨ ਬਾਕੀ ਹਨ । ਟੀ -20 ਟੂਰਨਾਮੈਂਟ ਦੀ ਸ਼ੁਰੂਆਤ 19 ਸਤੰਬਰ ਤੋਂ ਅਬੂ ਧਾਬੀ ਵਿੱਚ ਹੋਵੇਗੀ। ਇਸ ਸੀਜ਼ਨ ਦੇ ਉਦਘਾਟਨੀ ਮੈਚ ਵਿੱਚ ਚੈਂਪੀਅਨ ਮੁੰਬਈ ਇੰਡੀਅਨਜ਼ ਅਤੇ ਉਪ ਜੇਤੂ ਚੇੱਨਈ ਸੁਪਰ ਕਿੰਗਜ਼ ਵਿੱਚ ਪਹਿਲਾ ਮੈਚ ਹੋਵੇਗਾ।
ਇਸ ਸਬੰਧੀ ਕ੍ਰਿਕਟ ਬੋਰਡ ਆਫ ਇੰਡੀਆ (BCCI) ਦੇ ਸਕੱਤਰ ਜੈ ਸ਼ਾਹ ਨੇ ਬੁੱਧਵਾਰ ਨੂੰ ਆਪਣੇ ਟਵਿੱਟਰ ਹੈਂਡਲ ‘ਤੇ ਦੁਬਈ ਅਤੇ ਅਬੂ ਧਾਬੀ ਦੇ ਸਟੇਡੀਅਮਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ । ਰੋਸ਼ਨੀ ਵਿੱਚ ਡੁੱਬੇ ਇਨ੍ਹਾਂ ਸਟੇਡੀਅਮਾਂ ਦਾ ਨਜ਼ਾਰਾ ਦੇਖਣ ਵਾਲਾ ਹੈ।
ਇਸ ਬਾਰੇ ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ ਦੁਬਈ ਅਤੇ ਅਬੂ ਧਾਬੀ ਦੇ ਸਟੇਡੀਅਮਾਂ ਦਾ ਕਿੰਨਾ ਸ਼ਾਨਦਾਰ ਦ੍ਰਿਸ਼ ਹੈ। UAE ਸਾਲ ਦੇ ਸਭ ਤੋਂ ਇੰਤਜ਼ਾਰਤ ਟੂਰਨਾਮੈਂਟ IPL-2020 ਦੀ ਮੇਜ਼ਬਾਨੀ ਲਈ ਤਿਆਰ ਹੈ। ਵਿਸ਼ਵ ਤਿਆਰ ਹੈ ਅਤੇ ਇਸ ਲਈ ਅਸੀਂ !
ਗੌਰਤਲਬ ਹੈ ਕਿ IPL ਦੇ ਕੁੱਲ 56 ਲੀਗ ਮੈਚਾਂ ਵਿੱਚ 24 ਮੈਚ ਦੁਬਈ ਦੇ ਕੌਮਾਂਤਰੀ ਕ੍ਰਿਕਟ ਸਟੇਡੀਅਮ ਵਿੱਚ ਖੇਡੇ ਜਾਣਗੇ, ਜਦੋਂ ਕਿ ਅਬੂ ਧਾਬੀ ਦੇ ਸ਼ੇਖ ਜ਼ਾਯਦ ਸਟੇਡੀਅਮ ਵਿੱਚ 20 ਮੈਚ ਹੋਣਗੇ।
ਉੱਥੇ ਹੀ ਦੂਜੇ ਪਾਸੇ, ਲੀਗ ਦੇ 12 ਮੈਚ ਸ਼ਾਰਜਾਹ ਕ੍ਰਿਕਟ ਸਟੇਡੀਅਮ ਵਿੱਚ ਖੇਡੇ ਜਾਣਗੇ। ਹਾਲ ਹੀ ਵਿੱਚ, BCCI ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਸ਼ਾਰਜਾਹ ਸਟੇਡੀਅਮ ਦਾ ਦੌਰਾ ਕੀਤਾ। ਜ਼ਿਕਰਯੋਗ ਹੈ ਕਿ ਭਾਰਤ ਵਿੱਚ ਕੋਵਿਡ-19 ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ IPL 2020 UAE ਵਿੱਚ ਹੋ ਰਿਹਾ ਹੈ ਅਤੇ ਇਸ ਟੀ-20 ਲੀਗ ਦੀ ਮੇਜ਼ਬਾਨੀ ਦੁਬਈ, ਅਬੂ ਧਾਬੀ ਅਤੇ ਸ਼ਾਰਜਾਹ ਕਰਨਗੇ।