shopkeeper attacked accused robbing: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਉਸ ਸਮੇਂ ਸਨਸਨੀ ਵਾਲਾ ਮਾਹੌਲ ਪੈਦਾ ਹੋ ਗਿਆ, ਜਦੋਂ ਇੱਥੇ ਲੁੱਟ ਦੀ ਨੀਅਤ ਨਾਲ ਪਹੁੰਟੇ ਲੁਟੇਰਿਆਂ ਨੇ ਫਾਇਰਿੰਗ ਕੀਤੀ। ਜਾਣਕਾਰੀ ਮੁਤਾਬਕ ਇਹ ਘਟਨਾ ਇੱਥੋ ਦੇ ਗਿਆਸਪੁਰਾ ਮੇਨ ਰੋਡ ‘ਤੇ ਵਾਪਰੀ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਮੌਕੇ ‘ਤੇ ਪੁਲਿਸ ਪਹੁੰਚੀ, ਜਿੱਥੇ ਪੁਲਿਸ ਨੂੰ ਗੋਲੀ ਦਾ ਖਾਲੀ ਖੋਲ ਬਰਾਮਦ ਹੋਇਆ। ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਗੋਲੀ ਦਾ ਖੋਲ ਜਾਂਚ ਲਈ ਫੋਰੈਸਿਕ ਲੈਬ ‘ਚ ਭੇਜ ਦਿੱਤਾ ਗਿਆ ਹੈ।

ਚੌਕੀ ਇੰਚਾਰਜ ਕਪਿਲ ਸ਼ਰਮਾ ਨੇ ਦੱਸਿਆ ਹੈ ਕਿ ਇਹ ਘਟਨਾ ਅਮਰਦਾਸ ਕਾਲੋਨੀ ਨਿਵਾਸੀ ਸੂਰਜ ਸ਼੍ਰੀਵਾਸਤਵ ਦੀ ਦੁਕਾਨ ‘ਤੇ ਵਾਪਰੀ ਹੈ, ਜਿਸ ਦੇ ਬਿਆਨ ਦੇ ਆਧਾਰ ‘ਤੇ ਦਰਜ ਕਰ ਲਿਆ ਗਿਆ ਹੈ। ਪੀੜਤ ਸੂਰਜ ਸ਼੍ਰੀਵਾਸਤਵ ਨੇ ਦੱਸਿਆ ਹੈ ਕਿ ਇਲਾਕੇ ‘ਚ ਉਸ ਦੀ ਆਯੁਸ਼ ਮੈਡੀਕਲ ਦੀ ਦੁਕਾਨ ਹੈ। ਘਟਨਾ ਬੁੱਧਵਾਰ ਦੇਰ ਰਾਤ 9 ਵਜੇ ਉਦੋਂ ਵਾਪਰੀ ਜਦੋਂ ਖੁਦ ਸੂਰਜ ਦੁਕਾਨ ਦੇ ਬਾਹਰ ਖੜਾ ਹੋਇਆ ਸੀ। ਇਸ ਦੌਰਾਨ ਮੋਟਰਸਾਈਕਲ ਸਵਾਰ 2 ਲੋਕ ਆਏ ਤੇ ਆਉਂਦਿਆਂ ਹੀ ਪਿਸਤੌਲ ਤਾਣ ਲਈ ਅਤੇ ਨਗਦੀ ਮੰਗਣ ਲੱਗੇ ਪਰ ਜਦੋਂ ਲੁਟੇਰਾ ਸੂਰਜ ਨੂੰ ਦੁਕਾਨ ਦੇ ਅੰਦਰ ਕਾਊਟਰ ਕੋਲ ਲੈ ਕੇ ਗਿਆ ਤਾਂ ਸੂਰਜ ਨੇ ਡੰਡੇ ਨਾਲ ਉਸ ਤੇ ਵਾਰ ਕਰ ਦਿੱਤਾ। ਇਸ ਦੌਰਾਨ ਲੁਟੇਰੇ ਨੇ ਗੋਲੀ ਚਲਾ ਦਿੱਤੀ, ਜਿਸ ਤੋਂ ਸੂਰਜ ਤਾਂ ਬਚ ਗਿਆ ਪਰ ਗੋਲੀ ਸ਼ੀਸ਼ੇ ਦੇ ਆਰ ਪਾਰ ਹੋ ਕੇ ਛੱਤ ਨਾਲ ਟਕਰਾ ਗਈ। ਇਸ ਤੋਂ ਬਾਅਦ ਲੁਟੇਰੇ ਮੌਕੇ ‘ਤੇ ਫਰਾਰ ਹੋ ਗਏ। ਇਹ ਸਾਰੀ ਵਾਰਦਾਤ ਸੀ.ਸੀ.ਟੀ.ਵੀ ਫੁਟੇਜ ‘ਚ ਰਿਕਾਰਡ ਹੋ ਗਈ ਫਿਲਹਾਲ ਜਿਸ ਦੀ ਜਾਂਚ ਚੱਲ ਰਹੀ ਹੈ।






















