mayor balkar sandhu warns officers: ਲੁਧਿਆਣਾ (ਤਰਸੇਮ ਭਾਰਦਵਾਜ)- ਸ਼ਹਿਰ ‘ਚ ਸੜਕ ਨਿਰਮਾਣ ‘ਚ ਕੁਆਲਿਟੀ ਨੂੰ ਲੈ ਕੇ ਲਗਾਤਾਰ ਸਵਾਲ ਖੜੇ ਹੋ ਰਹੇ ਹਨ। ਆਉਣ ਵਾਲੇ ਦਿਨਾਂ ਦੌਰਾਨ ਸ਼ਹਿਰ ‘ਚ ਫਿਰ ਤੋਂ ਸੜਕ ਨਿਰਮਾਣ ਵਿਕਾਸ ਕੰਮ ਹੋਣੇ ਹਨ, ਜਿਸ ਨੂੰ ਲੈ ਕੇ ਬੀਤੇ ਦਿਨ ਭਾਵ ਬੁੱਧਵਾਰ ਨੂੰ ਮੇਅਰ ਬਲਕਾਰ ਸਿੰਘ ਸੰਧੂ ਨੇ ਬੀ.ਐੱਡ ਆਰ. ਬ੍ਰਾਂਚ ਦੇ ਅਫਸਰਾਂ ਨਾਲ ਕੈਂਪ ਦਫਤਰ ‘ਚ ਮੀਟਿੰਗ ਕੀਤੀ, ਜਿਸ ‘ਚ ਕਮਿਸ਼ਨਰ ਪ੍ਰਦੀਪ ਸੱਭਰਵਾਲ ਅਤੇ ਐਡੀਸ਼ਨਲ ਕਮਿਸ਼ਨਰ ਰਿਸ਼ੀਪਾਲ ਸਿੰਘ ਵੀ ਪਹੁੰਚੇ।
ਮੇਅਰ ਨੇ ਬੀ.ਐੱਡ ਆਰ ਬ੍ਰਾਂਚ ਦੇ ਅਫਸਰਾਂ ਨੂੰ ਦੋ ਟੁੱਕ ਕਹਿ ਦਿੱਤਾ ਕਿ ਪਿਛਲੀ ਰਿਪੋਰਟ ਤਿਆਰ ਹੋ ਰਹੀ ਹੈ ਅਤੇ ਹੁਣ ਅੱਗੇ ਦੇ ਕੰਮਾਂ ‘ਚ ਕੁਆਲਿਟੀ ਅਤੇ ਮਾਪਦੰਡਾਂ ‘ਚ ਲਾਪਰਵਾਹੀ ਹੋਈ ਤਾਂ ਇਕ-ਇਕ ਜ਼ਿੰਮੇਵਾਰ ਅਫਸਰ ‘ਤੇ ਕਾਰਵਾਈ ਹੋਵੇਗੀ। ਮੇਅਰ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਨਵੇਂ ਕੰਮਾਂ ‘ਚ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਆਈ ਤਾਂ ਅਫਸਰਾਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇਗੀ ਅਤੇ ਉਨ੍ਹਾਂ ਤੋਂ ਵਸੂਲੀ ਦੀ ਕਾਰਵਾਈ ਵੀ ਕੀਤੀ ਜਾਵੇਗੀ। ਸੰਧੂ ਨੇ ਦੱਸਿਆ ਹੈ ਕਿ ਸ਼ਹਿਰ ‘ਚ ਲਗਭਗ 100 ਛੋਟੀਆਂ ਵੱਡੀਆਂ ਸੜਕਾਂ ਦਾ ਨਿਰਮਾਣ ਕੰਮ ਜਲਦੀ ਹੀ ਸ਼ੁਰੂ ਕੀਤਾ ਜਾਵੇਗਾ। ਠੇਕੇਦਾਰਾਂ ਨੂੰ ਪਿਛਲੀ ਪੇਮੈਂਟ ਦਿੱਤੀ ਜਾ ਰਹੀ ਹੈ ਤਾਂ ਉਹ ਅੱਗੇ ਦੇ ਕੰਮ ਸ਼ੁਰੂ ਕਰ ਸਕੇ। ਹਰ ਵਿਕਾਸ ਕੰਮ ਦੇ ਜੋ ਮਾਪਦੰਡ ਹਨ ਉਸ ਦੇ ਹਿਸਾਬ ਨਾਲ ਕਾਰਵਾਉ, ਇਹ ਜ਼ਿੰਮੇਵਾਰੀ ਸੰਬੰਧਿਤ ਜ਼ੋਨ ਦੇ ਸੁਪਰਡੈਂਟ ਇੰਜੀਨੀਅਰ ਦੀ ਹੋਵੇਗੀ।