Bride uncle died in a controversy : ਮੋਗਾ ਵਿੱਚ ਵਿਆਹ ਵਾਲੇ ਘਰ ਵਿੱਚ ਡੀਜੇ ਨੂੰ ਲੈ ਕੇ ਹੋਏ ਵਿਵਾਦ ਵਿੱਚ ਕੁਝ ਨੌਜਵਾਨਾਂ ਵੱਲੋਂ ਝਗੜਾ ਕਰਦੇ ਹੋਏ ਕੁੜੀ ਦੇ ਚਾਚੇ ਦਾ ਕਤਲ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਪਿੰਡ ਵਿੱਚ ਕੁੜੀ ਦੇ ਵਿਆਹ ਕਰਕੇ ਡੀਜੇ ਲੱਗਾ ਹੋਇਆ ਸੀ ਤਾਂ ਪਿੰਡ ਦੇ ਕੁਝ ਲੋਕ ਡੀਜੇ ਬੰਦ ਕਰਨ ਲਈ ਝਗੜਾ ਕਰਨ ਲੱਗੇ। ਇੰਨੇ ਵਿੱਚ ਕੁੜੀ ਦੇ ਪਿਓ ਤੇ ਚਾਚੇ ਸਣੇ ਰਿਸ਼ਤੇਦਾਰ ਬਾਹਰ ਆਏ ਤਾਂ ਨੌਜਵਾਨਾਂ ਨੇ ਉਨ੍ਹਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਤੇ ਮੌਕੇ ਤੋਂ ਫਰਾਰ ਹੋ ਗਏ। ਜ਼ਖਮੀ ਹੋਏ ਚਾਰ ਲੋਕਾਂ ਨੂੰ ਨੂੰ ਬਾਘਾਪੁਰਾਣਾ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਜਿਥੇ ਹਾਲਤ ਗੰਭੀਰ ਹੋਣ ਦੇ ਚੱਲਦਿਆਂ ਉਨ੍ਹਾਂ ਨੂੰ ਮੋਗਾ ਰੈਫਰ ਕਰ ਦਿੱਤਾ ਗਿਆ। ਮੋਗਾ ਲਿਜਾਂਦੇ ਸਮੇਂ ਕੁਝ ਉਨ੍ਹਾਂ ਵਿੱਚੋਂ ਇੱਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਬਾਕੀ ਤਿੰਨਾਂ ਜ਼ਖਮੀਆਂ ਨੂੰ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਵੱਲੋਂ 6 ਲੋਕਾਂ ’ਤੇ ਮਾਮਲਾ ਦਰਜ ਕੀਤਾ ਗਿਆ ਹੈ।
ਕਸਬਾ ਬਾਘਾਪੁਰਾਣਾ ਦੇ ਪਿੰਡ ਕਾਲੇਕੇ ਨਿਵਾਸੀ ਜਗਸੀਰ ਸਿੰਘ ਨੇ ਦੱਸਿਆ ਕਿ ਬੁੱਧਵਾਰ ਨੂੰ ਉਸ ਦੀ ਧੀ ਦਾ ਵਿਆਹ ਸੀ। ਮੰਗਲਵਾਰ ਨੂੰ ਰਿਸ਼ਤੇਦਾਰ ਤੇ ਦੋਸਤ ਰੂਪ ਸਿੰਘ ਦੇ ਘਰ ਵਿੱਚ ਇਕੱਠੇ ਹੋਏ ਅਤੇ ਰਾਤ ਨੂੰ ਡੀਜੇ ’ਤੇ ਡਾਂਸ ਕਰਨ ਲੱਗੇ। ਇੰਨੇ ਵਿੱਚ ਪਿੰਡ ਦੇ ਕੁਝ ਲੋਕ ਆ ਕੇ ਲੜਨ ਲੱਗ ਗਏ। ਉਨ੍ਹਾਂ ਦਾ ਪੂਰਾ ਪਰਿਵਾਰ ਖਾਣਾ ਖਾ ਕੇ ਸੌਂ ਗਿਆ ਸੀ। ਰੌਲਾ ਸੁਣ ਕੇ ਉਨ੍ਹਾਂ ਦੀ ਨੀਂਦ ਖੁੱਲ੍ਹੀ ਤਾਂ ਦੇਖਿਆ ਕਿ ਘਰ ਦੇ ਬਾਹਰ ਭੀੜ ਸੀ ਅਤੇ ਨੌਜਵਾਨ ਹਥਿਆਰਾਂ ਨਾਲ ਲੈਸ ਹੋ ਕੇ ਝਗੜਾ ਕਰ ਰਹੇ ਸਨ। ਝਗੜੇ ਦਾ ਕਾਰਨ ਪੁੱਛਣ ’ਤੇ ਉਨ੍ਹਾਂ ਨੇ ਹਮਲਾ ਕਰ ਦਿੱਤਾ। ਇੰਨੇ ਵਿੱਚ ਉਨ੍ਹਾਂ ਦਾ ਭਰਾ ਜਸਵੰਤ ਸਿੰਘ, ਅਵਤਾਰ ਸਿੰਘ ਤੇ ਪੁੱਤਰ ਦਾ ਸਾਲਾ ਗੁਰਪ੍ਰੀਤ ਸਿੰਘ ਬਚਾਉਣ ਆਏ ਤਾਂ ਉਹ ਹਥਿਆਰਾਂ ਨਾਲ ਹਮਲਾ ਕਰਕੇ ਫਰਾਰ ਹੋ ਗਏ।
ਜਗਸੀਰ ਨੇ ਦੱਸਿਆ ਕਿ ਉਨ੍ਹਾਂ ਦੇ ਜ਼ਖਮੀ ਭਰਾ ਜਸਵੰਤ ਸਿੰਘ, ਅਵਤਾਰ ਸਿੰਘ ਤੇ ਪੁੱਤਰ ਦੇ ਸਾਲੇ ਗੁਰਪ੍ਰੀਤ ਸਿੰਘ ਨੂੰ ਸਰਕਾਰੀ ਹਸਪਤਾਲ ਬਾਘਾਪੁਰਾਣਾ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮੋਗਾ ਰੈਫਰ ਕਰ ਦਿੱਤਾ। ਮੋਗਾ ਜਾਂਦੇ ਸਮੇਂ ਰਸਤੇ ਵਿੱਚ ਉਨ੍ਹਾਂ ਦੇ 30 ਸਾਲਾ ਭਰਾ ਅਵਤਾਰ ਸਿੰਘ ਦੀ ਮੌਤ ਹੋ ਗਈ। ਥਾਣਾ ਬਾਘਾਪੁਰਾਣਾ ਦੇ ਐੱਸਐੱਚਓ ਹਰਮਨਜੀਤ ਸਿੰਘ ਨੇ ਦੱਸਿਆ ਕਿ ਦੇਰ ਰਾਤ ਡੀਜੇ ਚਲਾਉਣ ’ਤੇ ਝਗੜਾ ਹੋਇਆ ਹੈ। ਦੋਸ਼ੀਆਂ ਗੁਰਵਿੰਦਰ , ਸ਼ੈਂਬਰ, ਅਮਨਦੀਪ, ਗਿੰਦੀ ਗੰਜਾ, ਲਵਲੀ ਤੇ ਬਾਬਾ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਦੋਸ਼ੀ ਫਿਲਹਾਲ ਫਰਾਰ ਹਨ, ਉਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।