dc sought report Khanna child death: ਲੁਧਿਆਣਾ (ਤਰਸੇਮ ਭਾਰਦਵਾਜ)- ਜ਼ਿਲ੍ਹੇ ਦੇ ਖੰਨਾ ਸ਼ਹਿਰ ‘ਚ ਵਕੀਲ ਦੇ 11 ਸਾਲਾਂ ਬੱਚੇ ਦੀ ਮੌਤ ਦਾ ਮਾਮਲਾ ਸਰਗਰਮ ਹੋਇਆ ਹੈ, ਜਿਸ ਸਬੰਧੀ ਹੁਣ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਐੱਸ.ਐੱਮ.ਓ ਖੰਨਾ ਡਾ. ਰਾਜਿੰਦਰ ਗੁਲਾਟੀ ਤੋਂ ਰਿਪੋਰਟ ਤਲਬ ਕੀਤੀ ਹੈ। ਦੱਸ ਦੇਈਏ ਕਿ ਖੰਨਾ ਦੇ ਲਲਹੇੜੀ ਰੋਡ ਵਾਸੀ ਵਕੀਲ ਅਜੈ ਰਾਜ ਦੇਵੇਸ਼ਵਰ ਦੇ ਬੇਟੇ ਰੂਦਰਾਕਸ਼ ਦੀ ਮੌਤ ਬੀਤੇ ਦਿਨ ਭਾਵ ਸੋਮਵਾਰ ਨੂੰ ਹੋਈ ਸੀ , ਜਿਸ ਦਾ ਕਾਰਨ ਇਹ ਸਾਹਮਣੇ ਆਇਆ ਸੀ ਕਿ ਬੱਚੇ ਰੂਦਰਾਕਸ਼ ਦੀ ਮੌਤ ਪਲੇਟਲੈਟਸ ਸੈੱਲ ਘੱਟ ਹੋਣ ਦੀ ਵਜ੍ਹਾ ਨਾਲ ਹੋਈ ਹੈ ਪਰ ਬੱਚੇ ਦੀ ਮੌਤ ਡੇਂਗੂ ਨਾਲ ਹੋਣ ਦੀ ਸ਼ੰਕਾ ਵੀ ਪ੍ਰਗਟ ਕੀਤੀ ਜਾ ਰਹੀ ਹੈ ਪਰ ਸਿਹਤ ਵਿਭਾਗ ਨੇ ਇਸਦੀ ਪੁਸ਼ਟੀ ਨਹੀਂ ਕੀਤੀ ਸੀ। ਹੁਣ ਡੀ.ਸੀ ਵਰਿੰਦਰ ਕੁਮਾਰ ਸ਼ਰਮਾ ਨੇ ਨੋਟਿਸ ਲੈਂਦਿਆਂ ਮੌਤ ਦੇ ਕਾਰਨ ਜਾਨਣ ਲਈ ਐੱਸ.ਐੱਮ.ਓ ਤੋਂ ਰਿਪੋਰਟ ਮੰਗੀ ਹੈ।
ਜ਼ਿਕਰਯੋਗ ਹੈ ਕਿ ਰੂਦਰਾਕਸ਼ ਦੋ ਦਿਨ ਤੋਂ ਬਿਮਾਰ ਸੀ। ਉਸਦੇ ਪਲੇਟਲੈਟਸ ਸੈੱਲ ਘੱਟ ਗਏ ਸਨ, ਸਿਹਤ ਜ਼ਿਆਦਾ ਵਿਗੜ ਜਾਣ ‘ਤੇ ਸੋਮਵਾਰ ਨੂੰ ਪਰਿਵਾਰ ਉਸ ਨੂੰ ਖੰਨਾ ਦੇ ਆਈ.ਵੀ ਹਸਪਤਾਲ ਲੈ ਕੇ ਗਿਆ। ਸਿਹਤ ਕਾਬੂ ਤੋਂ ਬਾਹਰ ਹੋਈ ਤਾਂ ਰੂਦਰਾਕਸ਼ ਨੂੰ ਲੁਧਿਆਣਾ ਦੇ ਐੱਸ.ਪੀ.ਐੱਸ ਹਸਪਤਾਲ ‘ਚ ਲਿਜਾਇਆ ਗਿਆ। ਉੱਥੇ ਪੁੱਜਣ ‘ਤੇ ਡਾਕਟਰਾਂ ਨੇ ਉਸਨੂੰ ਮਿ੍ਤਕ ਐਲਾਨ ਦਿੱਤਾ। ਦੱਸਿਆ ਜਾਂਦਾ ਹੈ ਕਿ ਰੂਦਰਾਕਸ਼ ਨੂੰ ਸਾਹ ਲੈਣ ‘ਚ ਵੀ ਤਕਲੀਫ ਹੋ ਰਹੀ ਸੀ। ਜਾਣਕਾਰੀ ਅਨੁਸਾਰ ਬੁੱਧਵਾਰ ਨੂੰ ਭੇਜੇ ਆਦੇਸ਼ ‘ਚ ਡੀਸੀ ਸ਼ਰਮਾ ਨੇ 2 ਦਿਨ ਦੇ ਅੰਦਰ ਰਿਪੋਰਟ ਭੇਜਣ ਨੂੰ ਕਿਹਾ ਹੈ।