Janakpuri police station smart city: ਲੁਧਿਆਣਾ (ਤਰਸੇਮ ਭਾਰਦਵਾਜ)- ਜ਼ਿਲ੍ਹੇ ‘ਚ ਇਕ ਅਜਿਹੀ ਪੁਲਿਸ ਚੌਂਕੀ ਬਣਾ ਕੇ ਤਿਆਰ ਕੀਤੀ ਗਈ ਹੈ, ਜੋ ਕਿ ਹਰ ਇਕ ਲਈ ਖਿੱਚ ਦਾ ਕੇਂਦਰ ਬਣ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਇੱਥੇ ਚੌਕੀ ਜਨਕਪੁਰੀ ਪੰਜਾਬ ਦੀ ਅਜਿਹੀ ਪਹਿਲੀ ਪੁਲਿਸ ਚੌਕੀ ਬਣ ਕੇ ਤਿਆਰ ਕੀਤੀ ਗਈ ਹੈ, ਜਿੱਥੇ ਸ਼ਿਕਾਇਤਕਰਤਾ ਲਈ ਏ.ਸੀ. ਰੂਮ ਤੋਂ ਲੈ ਕੇ ਪੀਣ ਲਈ ਸਵੱਛ ਪਾਣੀ ਅਤੇ ਹੈਲਪ ਡੈਸਕ ਬਣਾਇਆ ਗਿਆ ਹੈ। ਚੌਕੀ ਦੇ ਅੰਦਰ ਦਰਖੱਤ-ਪੌਦੇ ਵੀ ਲਾਏ ਗਏ ਨੇ ਅਤੇ ਹਰ ਚੀਜ਼ ‘ਤੇ ਨਜ਼ਰ ਰੱਖਣ ਲਈ ਸੀ.ਸੀ.ਟੀ.ਵੀ ਕੈਮਰੇ ਵੀ ਲਾਏ ਗਏ ਹਨ।
ਚੌਕੀ ਇੰਚਾਰਜ ਏ.ਐੱਸ.ਆਈ ਰਾਜਵੰਤ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਪੁਲਿਸ ਚੌਕੀ ਦੇ ਅੰਦਰ ਮੈੱਸ ਵੀ ਬਣਾਈ ਗਈ, ਤਾਂ ਜੋ ਕਰਮਚਾਰੀਆਂ ਨੂੰ ਭੁੱਖ ਲੱਗਣ ਤੇ ਖਾਣਾ ਖਾਣ ਲਈ ਭਟਕਣਾ ਨਾ ਪਵੇ। ਇੰਨਾ ਹੀ ਨਹੀਂ ਨਹੀਂ ਇੱਥੇ ਪੁਲਿਸ ਕਰਮਚਾਰੀਆਂ ਦੇ ਰਹਿਣ ਲਈ ਕਮਰੇ ਵੀ ਬਣਾਏ ਗਏ ਹਨ, ਤਾਂ ਜੋ ਸਮੇਂ ਦੀ ਬੱਚਤ ਹੋ ਸਕੇ। ਇਸ ਤੋਂ ਇਲਾਵਾ ਹਰ ਜਾਂਚ ਅਫਸਰ ਲਈ ਵੱਖਰਾ ਕੈਬਿਨ ਬਣਾਇਆ ਗਿਆ ਹੈ ਤਾਂ ਕਿ ਸ਼ਿਕਾਇਤ ਦੀ ਸੁਣਵਾਈ ਕਰਨ ‘ਚ ਕੋਈ ਸਮੱਸਿਆ ਨਾ ਆਵੇ।
ਦੱਸਣਯੋਗ ਹੈ ਕਿ ਕਈ ਮਹੀਨਿਆਂ ਦੀ ਮਿਹਨਤ ਤੋਂ ਬਾਅਦ ਨਵੀਂ ਪੁਲਿਸ ਚੌਕੀ ਦੀ ਇਮਾਰਤ ਤਿਆਰ ਹੋਈ ਹੈ, ਜਿਸ ਦਾ ਉਦਘਾਟਨ ਹਲਕਾ ਸੈਂਟਰਲ ਦੇ ਵਿਧਾਇਕ ਸੁਰਿੰਦਰ ਡਾਬਰ ਤੇ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਰੈੱਡ ਰਿਬਨ ਕੱਟ ਕੇ ਕੀਤੀ। ਇਸ ਮੌਕੇ ਜੁਆਇੰਟ ਸੀ.ਪੀ ਭਾਗੀਰਥ ਮੀਣਾ, ਏ.ਡੀ.ਸੀ.ਪੀ-1 ਦੀਪਕ ਪਾਰਿਕ, ਏ.ਸੀ.ਪੀ ਸੈਟਰਲ ਵਰਿਆਮ ਸਿੰਘ ਤੇ ਹੋਰ ਅਫਸਰ ਮੌਜੂਦ ਰਹੇ। ਦੱਸ ਦੇਈਏ ਕਿ ਚੌਕੀ ਇੰਚਾਰਜ ਏ.ਐੱਸ.ਆਈ ਰਾਜਵੰਤ ਵੱਲੋਂ ਇਸ ਪੁਲਿਸ ਚੌਕੀ ਲਈ ਕਾਫੀ ਮਿਹਨਤ ਕੀਤੀ ਗਈ ਹੈ।