ludhiana coronavirus positive cases: ਲੁਧਿਆਣਾ (ਤਰਸੇਮ ਭਾਰਦਵਾਜ)- ਭਾਵੇ ਪੰਜਾਬ ਸੂਬੇ ਦੇ ਲੁਧਿਆਣਾ ਜ਼ਿਲ੍ਹੇ ‘ਚ ਖਤਰਨਾਕ ਕੋਰੋਨਾਵਾਇਰਸ ਨੇ ਕਾਫੀ ਘਾਤਕ ਰੂਪ ਧਾਰਨ ਕੀਤਾ ਸੀ ਪਰ ਹੁਣ ਇੱਥੇ ਮਹਾਮਾਰੀ ਦੇ ਪੀਕ ਦੌਰ ‘ਚ ਰਾਹਤ ਭਰੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ 24 ਦਿਨਾਂ ਬਾਅਦ ਹੁਣ ਜ਼ਿਲ੍ਹੇ ‘ਚ ਜਿੱਥੇ 200 ਤੋਂ ਘੱਟ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ, ਉੱਥੇ ਹੀ ਕੋਰੋਨਾ ਨੂੰ ਮਾਤ ਦੇਣ ਵਾਲੇ ਲੋਕਾਂ ਦੀ ਗਿਣਤੀ ‘ਚ ਵਾਧਾ ਦੇਖਣ ਨੂੰ ਮਿਲਿਆ ਹੈ ਤੇ ਇਸ ਦੇ ਨਾਲ ਹੀ ਕੋਰੋਨਾ ਪੀੜਤਾਂ ਦੀ ਮੌਤ ਦਰ ‘ਚ ਕਮੀ ਆਈ ਹੈ। ਜਾਣਕਾਰੀ ਮੁਤਾਬਕ ਬੀਤੇ ਦਿਨ ਭਾਵ ਸੋਮਵਾਰ ਨੂੰ ਜਿੱਥੇ 165 ਨਵੇਂ ਪਾਜ਼ੀਟਿਵ ਮਾਮਲਿਆਂ ਦੀ ਪੁਸ਼ਟੀ ਹੋਈ, ਜਿਨ੍ਹਾਂ ‘ਚੋਂ 130 ਲੁਧਿਆਣਾ ਦੇ ਅਤੇ ਬਾਕੀ ਹੋਰ ਜ਼ਿਲ੍ਹਿਆਂ ਦੇ ਹਨ ਜਦਕਿ 9 ਮਰੀਜ਼ਾਂ ਨੇ ਦਮ ਤੋੜਿਆ, ਜਿਨ੍ਹਾਂ ‘ਚ 5 ਲੁਧਿਆਣਾ ਦੇ ਤੇ ਬਾਕੀ ਹੋਰ ਜ਼ਿਲ੍ਹਿਆਂ ਦੇ ਹਨ। ਇਸ ਦੌਰਾਨ ਰਾਹਤ ਦੀ ਵੱਡੀ ਖਬਰ ਇਹ ਸੀ ਕਿ ਸੋਮਵਾਰ ਨੂੰ 370 ਲੋਕ ਕੋਰੋਨਾ ਨੂੰ ਮਾਤ ਦੇ ਕੇ ਠੀਕ ਹੋਏ ਹਨ। ਜ਼ਿਲ੍ਹੇ ‘ਚ ਇਸ ਸਮੇਂ 29 ਮਰੀਜ਼ ਵੈਟੀਲੇਟਰ ‘ਤੇ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ 28 ਅਗਸਤ ਨੂੰ ਲੁਧਿਆਣਾ ‘ਚ 107 ਪਾਜ਼ੀਟਿਵ ਮਾਮਲਿਆਂ ਦੀ ਪੁਸ਼ਟੀ ਹੋਈ ਸੀ।
ਦੱਸਣਯੋਗ ਹੈ ਕਿ ਜ਼ਿਲ੍ਹੇ ਭਰ ‘ਚ 16425 ਕੋਰੋਨਾ ਪੀੜਤ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਜਦਕਿ ਹੁਣ ਤੱਕ 668 ਮੌਤਾਂ ਹੋ ਚੁੱਕੀਆਂ ਹਨ। ਜ਼ਿਲ੍ਹੇ ਭਰ ‘ਚ 1403 ਸਰਗਰਮ ਮਾਮਲੇ ਹਨ। ਇਸ ਦੇ ਨਾਲ ਹੀ ਜ਼ਿਲ੍ਹੇ ਭਰ ‘ਚੋਂ ਹੁਣ ਤੱਕ 87.37 ਫੀਸਦੀ ਭਾਵ 14351 ਲੋਕ ਠੀਕ ਹੋ ਚੁੱਕੇ ਹਨ। ਹੁਣ ਮੌਤ ਦਰ ਵੀ 4.3 ਫੀਸਦੀ ਤੋਂ ਘੱਟ ਹੋ ਕੇ 4.1 ਫੀਸਦੀ ‘ਤੇ ਪਹੁੰਚੀ ਗਈ ਹੈ। ਇਸ ਤੋਂ ਇਲਾਵਾ ਦੂਜੇ ਜ਼ਿਲ੍ਹਿਆਂ ਨਾਲ ਸਬੰਧਿਤ ਮਾਮਲਿਆਂ ਦੀ ਗਿਣਤੀ 1911 ਤੱਕ ਪਹੁੰਚ ਚੁੱਕੀ ਹੈ ਜਦਕਿ 200 ਲੋਕਾਂ ਦੀ ਮੌਤ ਹੋ ਚੁੱਕੀ ਅਤੇ ਇਨ੍ਹਾਂ ‘ਚੋਂ 263 ਸਰਗਰਮ ਮਾਮਲੇ ਹਨ।