international level laboratory makes: ਲੁਧਿਆਣਾ (ਤਰਸੇਮ ਭਾਰਦਵਾਜ)- ਸ਼ਹਿਰ ‘ਚ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਡਾ. ਐੱਸ.ਪੀ.ਐੱਸ ਓਬਰਾਏ ਦੀ ਸਮੁੱਚੀ ਟੀਮ ਨੇ ਅੰਤਰਰਾਸ਼ਟਰੀ ਪੱਧਰ ਦੀ ਲੈਬਾਰਟਰੀ ਬਣਾਉਣ ਦੀ ਪੇਸ਼ਕਸ਼ ਕਰਕੇ ਬੜ੍ਹਾ ਹੀ ਸ਼ਲਾਘਾਯੋਗ ਕੰਮ ਕੀਤਾ ਹੈ।ਲੁਧਿਆਣਾ ਪੁਲਿਸ ਲਾਈਨ ਕੈਂਪਸ ਵਿਖੇ ਸਥਾਪਤ ਹੋਣ ਵਾਲੀ ਲੈਬੋਰਟਰੀ ਸਥਾਨ ਦਾ ਨਿਰੀਖਣ ਉਪਰੰਤ ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਕੀਤਾ। ਇਸ ਮੌਕੇ ਪੁਲਿਸ ਕਮਿਸ਼ਨਰ ਆਰ.ਕੇ ਅਗਰਵਾਲ, ਡਿਪਟੀ ਕਮਿਸ਼ਨਰ ਆਫ ਪੁਲਿਸ ਅਸ਼ਵਨੀ ਕਪੂਰ, ਸੰਯੁਕਤ ਕਮਿਸ਼ਨਰ ਆਫ ਪੁਲਿਸ ਏਲਨ ਚੇਲੀਅਨ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਡਾ. ਐੱਸ.ਪੀ.ਐੱਸ ਓਬਰਾਏ , ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ ਛਾਪਾ ਅਤੇ ਜਨਰਲ ਸਕੱਤਰ ਚੰਦਰ ਭਨੋਟ ਅਤੇ ਸਰਪ੍ਰਸਤ ਆਈ.ਪੀ.ਐੱਸ ਇਕਬਾਲ ਸਿੰਘ ਗਿੱਲ ਵੀ ਵਿਸ਼ੇਸ਼ ਤੌਰ ‘ਤੇ ਉਨ੍ਹਾਂ ਦੇ ਨਾਲ ਹਾਜ਼ਰ ਹੋਏ।
ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਕਿਹਾ ਕਿ ਟਰੱਸਟ ਦੇ ਚੇਅਰਮੈਨ ਡਾ. ਐੱਸ.ਪੀ.ਐੱਸ ਉਬਰਾਏ ਦੇ ਭਰਪੂਰ ਸਹਿਯੋਗ ਸਦਕਾ ਲੁਧਿਆਣਾ ਦੇ ਪੁਲਿਸ ਲਾਈਨ ਕੈਂਪਸ ਵਿਖੇ ਪੁਲਿਸ ਮੁਲਾਜ਼ਮਾਂ ਅਤੇ ਆਮ ਜਨਤਾ ਨੂੰ ਮੈਡੀਕਲ ਸੁਵਿਧਾਵਾਂ ਪ੍ਰਦਾਨ ਕਰਨ ਦੇ ਮਕਸਦ ਤਹਿਤ ਅੰਤਰਰਾਸ਼ਟਰੀ ਪੱਧਰ ਦੀ ਇਹ ਲੈਬੋਰਟਰੀ ਜਲਦ ਹੀ ਸਥਾਪਤ ਹੋਵੇਗੀ। ਉਨ੍ਹਾਂ ਕਿਹਾ ਕਿ ਉਹ ਵੀ ਚਾਹੁੰਦੇ ਸਨ ਕਿ ਇੱਕ ਇਸ ਤਰ੍ਹਾਂ ਦੀ ਲੈਬੋਰਟਰੀ ਪੁਲਿਸ ਕੈਂਪਸ ‘ਚ ਹੋਵੇ, ਜਿੱਥੋਂ ਪੁਲਿਸ ਮੁਲਾਜ਼ਮਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵਾਜਬ ਰੇਟ ਤੇ ਮੈਡੀਕਲ ਸੇਵਾਵਾਂ ਮਿਲ ਸਕਣ। ਜ਼ਿਲ੍ਹਾ ਅਤੇ ਪੁਲਿਸ ਅਧਿਕਾਰੀਆਂ ਦੇ ਨਾਲ ਡਾਕਟਰ ਐੱਸ.ਪੀ.ਐੱਸ ਉਬਰਾਏ ਨੇ ਬਕਾਇਦਾ ਲੈਬੋਰਟਰੀ ਦੀ ਡਿਜ਼ਾਈਨਿੰਗ ਨੂੰ ਲੈ ਕੇ ਵਿਸਥਾਰ ਸਹਿਤ ਚਰਚਾ ਕੀਤੀ। ਚੇਅਰਮੈਨ ਡਾ. ਓਬਰਾਏ ਨੇ ਭਰੋਸਾ ਦਵਾਇਆ ਕਿ ਇਹ ਲੈਬੋਰਟਰੀ ਜਲਦ ਹੀ ਪੁਲਿਸ ਤੇ ਆਮ ਲੋਕਾਂ ਦੀ ਸੇਵਾ ਲਈ ਉਪਲੱਬਧ ਹੋ ਜਾਵੇਗੀ। ਇਸ ਮੌਕੇ ਏ.ਸੀ.ਪੀ ਜੰਗ ਬਹਾਦਰ, ਸੁਖਜਿੰਦਰ ਸਿੰਘ ਗਿੱਲ, ਡਾ. ਰਾਜਿੰਦਰ ਸਿੰਘ ਅਟਵਾਲ, ਐਡਵੋਕੇਟ ਸ਼ੁਸ਼ੀਲ ਭਨੋਟ, ਹਰਿੰਦਰ ਰਕਬਾ, ਗੋਲਡੀ ਸਭਰਵਾਲ, ਅਵਤਾਰ ਸਿੰਘ ਮਹਿਰਾ, ਕੁਲਦੀਪ ਸਿੰਘ ਰੁਪਾਲ, ਐਡਵੋਕੇਟ ਸੌਰਭ, ਐਡਵੋਕੇਟ ਨਿਤਿਨ ਭਨੋਟ ਅਤੇ ਦਿਨੇਸ਼ ਸਿੰਘ ਰਾਠੌਰ ਮੌਜੂਦ ਸਨ।