ludhiana job fair youth: ਲੁਧਿਆਣਾ (ਤਰਸੇਮ ਭਾਰਦਵਾਜ)-ਕੋਰੋਨਾਕਾਲ ਦੌਰਾਨ ਹਜ਼ਾਰਾਂ ਲੋਕਾਂ ਨੂੰ ਨੌਕਰੀ ਤੋਂ ਹੱਥ ਧੋਣੇ ਪੈ ਗਏ, ਜਿਸ ਕਾਰਨ ਕਈ ਲੋਕਾਂ ਨੂੰ ਰੋਜ਼ੀ-ਰੋਟੀ ਕਮਾਉਣੀ ਵੀ ਮੁਸ਼ਕਿਲ ਹੋ ਗਈ ਹੈ। ਅਜਿਹੇ ‘ਚ ਹੁਣ ਰਾਹਤ ਦੇਣ ਲਈ ਪੰਜਾਬ ਸਰਕਾਰ ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਤਹਿਤ ‘6ਵਾਂ ਸੂਬਾ ਪੱਧਰੀ ਮੇਗਾ ਜਾਬ ਫੇਅਰ’ 24 ਤੋਂ 30 ਸਤੰਬਰ ਤੱਕ ਆਨਲਾਈਨ ਕਰਵਾਏਗੀ। ਇਸ ਦੌਰਾਨ ਲਗਭਗ 4500 ਨੌਜਵਾਨਾਂ ਨੂੰ ਨੌਕਰੀ ਦਿੱਤੀ ਜਾਵੇਗੀ।
ਜਾਣਕਾਰੀ ਮੁਤਾਬਕ ਰਜਿਸਟ੍ਰੇਸ਼ਨ ਉਮੀਦ ਤੋਂ ਜਿਆਦਾ ਹੋਈ ਹੈ ਹਾਲਾਂਕਿ ਇਸ ਸਬੰਧੀ ਅਫਸਰਾਂ ਨੇ ਕੋਈ ਪੁਸ਼ਟੀ ਨਹੀਂ ਕੀਤੀ। ਦੱਸ ਦੇਈਏ ਕਿ ਆਨਲਾਈਨ ਰਜਿਸਟ੍ਰੇਸ਼ਨ ‘ਚ ਕੁਝ ਤਕਨੀਕੀ ਖਰਾਬੀ ਆਉਣ ਕਾਰਨ ਰਜਿਸਟ੍ਰੇਸ਼ਨ ਦੀ ਤਾਰੀਕ ਵਧਾ ਕੇ 17 ਸਤੰਬਰ ਕੀਤੀ ਗਈ ਸੀ। 10ਵੀਂ ਤੋਂ ਲੈ ਕੇ ਗ੍ਰੈਜੂਏਟ, ਪੋਸਟ ਗ੍ਰੈਜੂਏਟ, ਐੱਮ.ਬੀ.ਏ, ਆਈ.ਆਈ.ਟੀ ਪਾਸ ਨੂੰ ਨੌਕਰੀ ਪ੍ਰਾਈਵੇਟ ਕੰਪਨੀਆਂ ‘ਚ ਦਿੱਤੀਆਂ ਜਾਣਗੀਆਂ। ਉਮੀਦਵਾਰ ਦੀ ਯੋਗਤਾ ਅਤੇ ਤਜਰਬੇ ਦੇ ਬਲਬੂਤੇ ‘ਤੇ ਕੰਪਨੀ ਉਸ ਨੂੰ ਤਨਖਾਹ ਦੇਵੇਗੀ।
ਰੁਜ਼ਗਾਰ ਦਫਤਰ ਦੀ ਡਿਪਟੀ ਡਾਇਰੈਕਟਰ ਡਾਕਟਰ ਮੀਨਾਕਸ਼ੀ ਨੇ ਦੱਸਿਆ ਹੈ ਕਿ 24 ਤੋਂ ਰੋਜ਼ਗਾਰ ਮੇਲਾ ਆਨਲਾਈਨ ਸ਼ੁਰੂ ਹੋਵੇਗਾ। 29 ਨੂੰ ਆਈ.ਆਈ.ਟੀ ਲਈ ਫਿਜ਼ੀਕਲੀ ਅਪਾਇੰਟਮੈਂਟ ਲਈ ਜਾਵੇਗੀ। ਇਸ ਦੇ ਲਈ ਤਿਆਰੀ ਪੂਰੀ ਕਰ ਲਈ ਹੈ, ਜਿਨ੍ਹਾਂ ਉਮੀਦਵਾਰਾਂ ਵੱਲੋਂ ਆਨਲਾਈਨ ਅਪਲਾਈ ਕੀਤਾ ਗਿਆ ਹੈ, ਉਸ ਦਾ ਡਾਟਾ ਹੈੱਡ ਆਫਿਸ ‘ਚ ਹੁੰਦਾ ਹੈ। ਇਸ ਲਈ ਕਿੰਨੇ ਲੋਕਾਂ ਨੇ ਅਪਲਾਈ ਕੀਤਾ ਹੈ, ਹਾਲੇ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਹੈ।
ਆਨਲਾਈ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ। 24 ਸਤੰਬਰ ਤੋਂ ਵਰਚੂਅਲ ਮੇਲਾ ਸ਼ੁਰੂ ਹੋਵੇਗਾ। ਪਹਿਲੀ ਵਾਰ ਆਨਲਾਈਨ ਮੇਲਾ ਲਗਾ ਕੇ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀ ਦਿੱਤੀ ਜਾਵੇਗੀ। ਵੱਖ-ਵੱਖ ਕੰਪਨੀਆਂ ਵੱਲੋਂ ਲਗਭਗ 4500 ਨੌਕਰੀਆਂ ਆਫਰ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਨੌਕਰੀ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਨੂੰ ਰੈਗੂਲਰ ਤੌਰ ‘ਤੇ ਵੀ ਨੌਕਰੀ ਦੇ ਮੌਕੇ ਮੁਹੱਈਆ ਕਰਵਾਏ ਜਾ ਰਹੇ ਹਨ।