Son brutally murdered his father : ਜਲੰਧਰ ਦੇ ਸ਼ਾਹਕੋਟ ਵਿਖੇ ਮਾਲੂਪੁਰ ਦੇ ਖੇਤਾਂ ਵਿਚ ਸਥਿਤ ਡੇਰੇ ਵਿੱਚ ਬੀਤੇ ਦਿਨੀਂ ਇੱਕ 70 ਸਾਲਾ ਬਜ਼ੁਰਗ ਵਿਅਕਤੀ ਦੀ ਦੀ ਲਾਸ਼ ਮਿਲੀ ਸੀ। ਇਸ ਗੁੱਥੀ ਨੂੰ ਸੁਲਝਾਉਂਦੇ ਹੋਏ ਪੁਲਿਸ ਨੇ ਬਜ਼ੁਰਗ ਦੇ ਪੁੱਤਰ ਨੂੰ ਗ੍ਰਿਫਤਾਰ ਕਰ ਲਿਆ ਹੈ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਪੈਸਿਆਂ ਸੰਬੰਧੀ ਦੋਹਾਂ ਵਿੱਚ ਝਗੜਾ ਹੋਇਆ ਜਿਸ ’ਤੇ ਪੁੱਤਰ ਨੇ ਪਿਓ ਦਾ ਕਤਲ ਕਰ ਦਿੱਤਾ। ਡੀਐਸਪੀ ਸ਼ਾਹਕੋਟ ਵਰਿੰਦਰਪਾਲ ਸਿੰਘ ਅਤੇ ਐਸਐਚਓ ਸ਼ਾਹਕੋਟ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਹਰਬੰਸ ਸਿੰਘ ਦੇ ਤਿੰਨ ਪੁੱਤਰ ਸਨ। ਇਕ ਬੇਟਾ ਮੇਜਰ ਸਿੰਘ ਦੀ ਮੌਤ ਹੋ ਚੁੱਕੀ ਸੀ ਅਤੇ ਉਸਦਾ ਪੁੱਤਰ ਗੁਰਵਿੰਦਰ ਸਿੰਘ ਪਿਤਾ ਦੀ ਜਾਇਦਾਦ ਦਾ ਵਾਰਸ ਬਣ ਗਿਆ ਸੀ। ਹਰਬੰਸ ਸਿੰਘ ਪਿਛਲੇ ਛੇ ਮਹੀਨਿਆਂ ਤੋਂ ਆਪਣੇ ਦੂਸਰੇ ਲੜਕੇ ਲੈਂਹੰਬਰ ਸਿੰਘ ਨਾਲ ਰਹਿ ਰਿਹਾ ਸੀ। ਲਹਿੰਬਰ ਅੱਠ-ਦਸ ਮੱਝਾਂ ਡੇਰੇ ‘ਤੇ ਰੱਖਦਾ ਸੀ ਅਤੇ ਹਰਬੰਸ ਸਿੰਘ ਉਨ੍ਹਾਂ ਦੀ ਦੇਖਭਾਲ ਲਈ ਉਥੇ ਰਹਿੰਦਾ ਸੀ।
ਤੀਜਾ ਪੁੱਤਰ ਪਿਆਰਾ ਸਿੰਘ ਵੀ ਅੱਠ-ਦਸ ਗਾਵਾਂ ਰੱਖਦਾ ਹੈ। ਹਰਬੰਸ ਸਿੰਘ ਨੇ ਪਿਆਰਾ ਸਿੰਘ ਨੂੰ ਆਪਣੇ ਬੈਂਕ ਖਾਤੇ ਵਿਚ ਵਾਰਿਸ ਬਣਾਇਆ ਹੋਇਆ ਸੀ। ਹਰਬੰਸ ਸਿੰਘ ਕੋਲ ਤਕਰੀਬਨ ਸੱਤ ਏਕੜ ਜ਼ਮੀਨ ਸੀ ਜਿਸ ਵਿੱਚ ਉਸਨੇ ਆਪਣੀਆਂ ਧੀਆਂ ਨੂੰ ਪੰਜ ਏਕੜ ਅਤੇ ਆਪਣੇ ਨਾਮ ’ਤੇ ਕਰੀਬ ਪੌਣੇ ਦੋ ਏਕੜ ਜ਼ਮੀਨ ਸੀ। ਪਿਆਰਾ ਸਿੰਘ ਨੇ ਆਪਣੇ ਪਿਤਾ ਹਰਬੰਸ ਸਿੰਘ ਦੇ ਨਾਮ ‘ਤੇ ਬੈਂਕ ਤੋਂ ਦੋ ਲੱਖ ਰੁਪਏ ਲਏ। ਹਰਬੰਸ ਸਿੰਘ ਪਿਛਲੇ ਕੁੱਝ ਦਿਨਾਂ ਤੋਂ ਪੈਸੇ ਵਾਪਸ ਮੰਗ ਰਿਹਾ ਸੀ।
ਘਟਨਾ ਵਾਲੇ ਦਿਨ ਪਿਆਰਾ ਸਿੰਘ ਸ਼ਰਾਬ ਦੇ ਠੇਕੇ ਤੋਂ ਸ਼ਰਾਬ ਲੈ ਕੇ ਨੌਂ ਵਜੇ ਦੇ ਕਰੀਬ ਖੇਤਾਂ ਵਿਚ ਡੇਰੇ ’ਤੇ ਗਿਆ ਸੀ। ਉਸ ਦਿਨ ਲਹਿੰਬਰ ਸਿੰਘ ਅਤੇ ਗੁਰਵਿੰਦਰ ਸਿੰਘ ਖੇਤਾਂ ਤੋਂ ਜਲਦੀ ਘਰ ਚਲੇ ਗਏ ਸਨ। ਪਿਆਰਾ ਸਿੰਘ ਨੇ ਹਰਬੰਸ ਸਿੰਘ ਨਾਲ ਝਗੜਾ ਕੀਤਾ ਅਤੇ ਨੇੜੇ ਪਈ ਕੱਸੀ ਨਾਲ ਹਰਬੰਸ ਸਿੰਘ ਦੇ ਸਿਰ ’ਤੇ ਕਈ ਵਾਰ ਕਰ ਦਿੱਤੇ, ਜਿਸ ਨਾਲ ਉਸ ਦੀ ਮੌਕੇ’ ’ਤੇ ਹੀ ਮੌਤ ਹੋ ਗਈ। ਹੁਣ ਪੁਲਿਸ ਨੇ ਪਿਆਰਾ ਸਿੰਘ ਦੀ ਨਿਸ਼ਾਨਦੇਹੀ ‘ਤੇ ਘਟਨਾ ਦੌਰਾਨ ਪਹਿਨੇ ਹੋਏ ਕੱਪੜੇ ਅਤੇ ਕੱਸੀ ਵੀ ਬਰਾਮਦ ਕੀਤੀ ਹੈ। ਫਿਲਹਾਲ ਪਿਆਰਾ ਸਿੰਘ ਤਿੰਨ ਦਿਨਾਂ ਪੁਲਿਸ ਰਿਮਾਂਡ ‘ਤੇ ਹੈ।