Corona Patient treated govt hospitals: ਲੁਧਿਆਣਾ (ਤਰਸੇਮ ਭਾਰਦਵਾਜ)- ਜ਼ਿਲ੍ਹੇ ‘ਚ ਹੁਣ 4 ਸਰਕਾਰੀ ਹਸਪਤਾਲਾਂ ‘ਚ ਹੀ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਇਲਾਜ ਕੀਤਾ ਜਾਵੇਗਾ। ਹਾਲ ਹੀ ਦੌਰਾਨ ਜ਼ਿਲ੍ਹਾ ਪੱਧਰ ‘ਤੇ ਹੋਈ ਮੀਟਿੰਗ ‘ਚ ਇਹ ਫੈਸਲਾ ਲਿਆ ਗਿਆ ਹੈ। ਇਨ੍ਹਾਂ ‘ਚ 400 ਬੈਂਡ ਰਿਜ਼ਰਵ ਕੀਤੇ ਗਏ ਹਨ, ਜਿੱਥੇ ਕੋਰੋਨਾ ਦੇ ਮਰੀਜ਼ ਰੱਖੇ ਜਾਣਗੇ ਹਾਲਾਂਕਿ ਇਸ ਫੈਸਲੇ ਤੋਂ ਇਹ ਵੀ ਖਤਰਾ ਜਤਾਇਆ ਜਾ ਰਿਹਾ ਹੈ ਕਿ ਜੇਕਰ ਜ਼ਿਲ੍ਹੇ ‘ਚ ਪਹਿਲਾ ਦੀ ਤਰਾਂ ਅਚਾਨਕ ਜਿਆਦਾ ਮਾਮਲੇ ਆਉਣੇ ਸ਼ੁਰੂ ਹੁੰਦੇ ਹਨ ਤਾਂ ਮਰੀਜ਼ਾਂ ਨੂੰ ਕਿੱਥੇ ਰੱਖਿਆ ਜਾਵੇਗਾ।
ਜ਼ਿਲ੍ਹਾ ਪ੍ਰਸ਼ਾਸਨ ਮੁਤਾਬਕ ਸਾਰੇ ਸਾਮਾਨ ਨੂੰ ਸੁਰੱਖਿਅਤ ਰੱਖਿਆ ਜਾਵੇਗਾ, ਜਿਸ ਤੋਂ ਕਿ ਜਰੂਰਤ ਪੈਣ ‘ਤੇ 48 ਘੰਟਿਆਂ ‘ਚ ਇਨ੍ਹਾਂ ਨੂੰ ਫਿਰ ਤੋਂ ਸ਼ੁਰੂ ਕੀਤਾ ਜਾ ਸਕੇ। ਇਸ ਦੇ ਨਾਲ ਪਰਮਾਨੈਂਟ ਅਤੇ ਕੰਟ੍ਰੈਕਟ ਮੁਲਾਜ਼ਮਾਂ ਦਾ ਸਿਵਲ ਸਰਜਨ ਲੁਧਿਆਣਾ ਵੱਲੋਂ ਹੋਰ ਥਾਵਾਂ ‘ਤੇ ਸਹੀ ਵਰਤੋਂ ਕੀਤੀ ਜਾਵੇਗੀ। ਹੁਣ ਸਿਵਲ ‘ਚ ਲੈਵਲ-2 ਦੇ 150 ਬੈੱਡ, ਯੂ.ਸੀ.ਐੱਚ.ਸੀ ਵਰਧਮਾਨ ‘ਚ ਲੈਵਲ-2 ਦੇ 100 ਬੈੱਡ, ਮੈਰੀਟੋਰੀਅਸ ਸਕੂਲ ‘ਚ ਲੈਵਲ-1 ਦੇ 100 ਬੈੱਡ, ਕੁਲਾਰ ਨਰਸਿੰਗ ‘ਚ 50 ਆਕਸੀਜਨ ਵਾਲੇ ਬੈੱਡ ਰਿਜ਼ਰਵ ਰੱਖੇ ਗਏ ਹਨ ਜਦਕਿ ਪਹਿਲਾਂ ਹੋਰ ਸਰਕਾਰੀ ਹਸਪਤਾਲਾਂ ਨੂੰ ਮਿਲਾ ਕੇ 2100 ਬੈੱਡਾਂ ਦਾ ਪ੍ਰਬੰਧ ਸੀ। ਇਹ ਆਦੇਸ਼ 1 ਅਕਤੂਬਰ ਤੋਂ ਲਾਗੂ ਹੋਣਗੇ।
ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਹੈ ਕਿ ਪਿਛਲੇ 4 ਦਿਨਾਂ ਤੋਂ ਕੋਰੋਨਾ ਦੇ ਪਾਜ਼ੀਟਿਵ ਮਾਮਲੇ ਘੱਟ ਸਾਹਮਣੇ ਆ ਰਹੇ ਹਨ। ਇਸ ਲਈ ਇਹ ਫੈਸਲਾ ਲਿਆ ਗਿਆ ਹੈ ਕਿ ਫਿਲਹਾਲ ਕੋਵਿਡ-19 ਦੇ ਇਲਾਜ ਲਈ 4 ਹੀ ਸਰਕਾਰੀ ਹਸਪਤਾਲ ਚਲਾਏ ਜਾਣਗੇ। ਹੋਰ ਸਰਕਾਰੀ ਹਸਪਤਾਲਾਂ ‘ਚ ਕੋਵਿਡ-19 ਦਾ ਇਲਾਜ ਬੰਦ ਕੀਤਾ ਜਾ ਰਿਹਾ ਹੈ ਤਾਂ ਕਿ ਇੱਥੋ ਦੀ ਬਿਲਡਿੰਗ ਅਤੇ ਸਟਾਫ ਦੀ ਪੂਰੀ ਵਰਤੋਂ ਕੀਤੀ ਜਾ ਸਕੇ ਅਤੇ ਮਰੀਜ਼ਾਂ ਲਈ ਹੋਰ ਸਹੂਲਤਾਂ ਸ਼ੁਰੂ ਹੋ ਸਕਣ ਫਿਲਹਾਲ ਪ੍ਰਾਈਵੇਟ ਹਸਪਤਾਲਾਂ ਲਈ ਕੋਈ ਫੈਸਲਾ ਨਹੀਂ ਲਿਆ ਗਿਆ ਇਹ ਹਸਪਤਾਲ ਪ੍ਰਬੰਧਨ ‘ਤੇ ਨਿਰਭਰ ਹੈ।