CM appeals to farmers : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੇਤੀਬਾੜੀ ਬਿੱਲਾਂ ਖ਼ਿਲਾਫ਼ ਕੱਲ੍ਹ ਕੀਤੇ ਜਾ ਰਹੇ ਬੰਦ ਦੌਰਾਨ ਕਿਸਾਨਾਂ ਨੂੰ ਅਮਨ-ਕਾਨੂੰਨ ਨੂੰ ਸਖਤੀ ਨਾਲ ਕਾਇਮ ਰਖਦੇ ਹੋਏ ਸਾਰੇ ਕੋਵਿਡ ਸੇਫਟੀ ਪ੍ਰੋਟੋਕਾਲਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਰਾਜ ਸਰਕਾਰ ਬਿੱਲਾਂ ਦੇ ਵਿਰੁੱਧ ਆਪਣੀ ਲੜਾਈ ਵਿਚ ਕਿਸਾਨਾਂ ਦੇ ਨਾਲ ਪੂਰੀ ਤਰ੍ਹਾਂ ਨਾਲ ਹੈ ਅਤੇ ਧਾਰਾ 144 ਦੀ ਉਲੰਘਣਾ ਕਰਨ ‘ਤੇ ਕੋਈ ਐਫਆਈਆਰ ਦਰਜ ਨਹੀਂ ਕੀਤੀ ਜਾਏਗੀ, ਬੰਦ ਦੌਰਾਨ ਕਾਨੂੰਨ ਵਿਵਸਥਾ ਦੀ ਕੋਈ ਗੜਬੜੀ ਨਹੀਂ ਹੋਣੀ ਚਾਹੀਦੀ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਇਹ ਯਕੀਨੀ ਬਣਾਉਣ ਕਿ ਰਾਜ ਵਿੱਚ ਕੋਵਿਡ ਸੰਕਟ ਦੇ ਮੱਦੇਨਜ਼ਰ ਪੰਜਾਬ ਦੇ ਨਾਗਰਿਕਾਂ ਨੂੰ ਰੋਸ ਮੁਜ਼ਾਹਰੇ ਦੌਰਾਨ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਾ ਹੋਵੇ।
ਮੁੱਖ ਮੰਤਰੀ ਨੇ ਕਿਸਾਨਾਂ ਅਤੇ ਹੋਰ ਸੰਗਠਨਾਂ ਨੂੰ ਬੰਦ ਦੀ ਹਮਾਇਤ ਕਰਦਿਆਂ ਸਮਾਜਿਕ ਦੂਰੀ ਬਣਾਈ ਰੱਖਣ ਅਤੇ ਹਰ ਸਮੇਂ ਮਾਸਕ ਪਹਿਨਣ ਦੀ ਅਪੀਲ ਕੀਤੀ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਸੂਬੇ ਵਿੱਚ ਪਹਿਲਾਂ ਹੀ ਕੋਵਿਡ ਮਾਮਲਿਆਂ ਵਿਚ ਵਾਧਾ ਹੋਇਆ ਹੈ ਅਤੇ ਸਾਵਧਾਨੀ ਨਿਯਮਾਂ ਦੀ ਉਲੰਘਣਾ ਕਾਰਨ ਸਥਿਤੀ ਕੰਟਰੋਲ ਤੋਂ ਬਾਹਰ ਹੋ ਸਕਦੀ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਪੂਰਾ ਧਿਆਨ ਰੱਖਣ ਦੀ ਤਾਕੀਦ ਕੀਤੀ ਕਿ ਪੰਜਾਬ ਦੇ ਲੋਕਾਂ ਦੀ ਜਾਨ- ਮਾਲ ਜਾਇਦਾਦ ਉਨ੍ਹਾਂ ਦੇ ਅੰਦੋਲਨ ਕਾਰਨ ਕਿਸੇ ਵੀ ਤਰ੍ਹਾਂ ਖਤਰੇ ਵਿੱਚ ਨਾ ਪਵੇ।