ludhiana coronavirus positive cases: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਹੁਣ ਕੋਰੋਨਾ ਦੇ 1537 ਸਰਗਰਮ ਮਾਮਲੇ ਹਨ, ਜਿਸ ਕਾਰਨ ਪ੍ਰਸ਼ਾਸਨ ਨੂੰ ਥੋੜ੍ਹੀ ਰਾਹਤ ਮਿਲੀ ਹੈ। ਇਸ ਦੌਰਾਨ ਫੈਸਲਾ ਲਿਆ ਗਿਆ ਹੈ ਕਿ ਜ਼ਿਲ੍ਹੇ ‘ਚ ਖਾਸ ਤੌਰ ‘ਤੇ ਸਰਕਾਰੀ ਹਸਪਤਾਲਾਂ ‘ਚ ਘੱਟ ਐਡਮਿਟ ਹੋ ਰਹੇ ਮਰੀਜ਼ਾਂ ਨੂੰ ਦੇਖਦੇ ਹੋਏ ਸਿਰਫ 4 ਸਰਕਾਰੀ ਹਸਪਤਾਲਾਂ ‘ਚ 400 ਬੈੱਡਾਂ ਦੇ ਹੀ ਆਈਸੋਲੇਸ਼ਨ ਵਾਰਡ ਨੂੰ ਰੱਖਣ ਦਾ ਫੈਸਲਾ ਲਿਆ ਗਿਆ ਹੈ ਜਦਕਿ ਪਹਿਲਾ ਜ਼ਿਲ੍ਹੇ ‘ਚ 2100 ਬੈੱਡ ਲੈਵਲ-2 ਅਤੇ 1 ਦੇ ਬੈੱਡ ਸੀ। ਭਾਵ ਕਿ ਹੁਣ 1700 ਬੈੱਡਾਂ ‘ਤੇ ਹੋਰ ਬੀਮਾਰੀਆਂ ਦੇ ਮਰੀਜ਼ਾਂ ਦਾ ਇਲਾਜ ਹੋਵੇਗਾ।
ਜ਼ਿਲ੍ਹੇ ‘ਚ ਅਸਮੋਟੋਮੈਟਿਕ ਮਰੀਜ਼ਾਂ ਦੇ ਜਿਆਦਾ ਆਉਣ ਕਾਰਨ ਮਰੀਜ਼ਾਂ ਵੱਲੋਂ ਕਿਸੇ ਵੀ ਹਸਪਤਾਲ ਜਾਂ ਆਈਸੋਲੇਸ਼ਨ ਵਾਰਡ ‘ਚ ਐਡਮਿਟ ਹੋਣ ਦੇ ਬਜਾਏ ਹੋਮ ਆਈਸੋਲੇਸ਼ਨ ਨੂੰ ਪਹਿਲ ਦਿੱਤੀ ਜਾ ਰਹੀ ਹੈ, ਜਿਸ ਦੇ ਚੱਲਦਿਆਂ ਸਰਕਾਰੀ ਹਸਪਤਾਲਾਂ ‘ਚ ਭਰਤੀ ਮਰੀਜ਼ਾਂ ਦੀ ਗਿਣਤੀ ਘੱਟ ਹੋ ਗਈ ਹੈ। 24 ਸਤੰਬਰ ਤੱਕ ਜ਼ਿਲ੍ਹੇ ‘ਚ 1539 ਸਰਗਰਮ ਮਾਮਲਿਆਂ ‘ਚੋਂ 945 ਭਾਵ 61 ਫੀਸਦੀ ਮਾਮਲੇ ਅਜਿਹੇ ਹਨ, ਜੋ ਹੋਮ ਆਈਸੋਲੇਟ ਹੋ ਰਹੇ ਹਨ। ਇਸ ਦੇ ਨਾਲ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ‘ਚ 408 ਮਰੀਜ਼ ਭਰਤੀ ਹਨ, ਜੋ ਕਿ 26.54 ਫੀਸਦੀ ਹੈ। ਸਰਕਾਰੀ ਹਸਪਤਾਲਾਂ ‘ਚ ਸਿਰਫ 91 ਮਰੀਜ਼ ਭਾਵ ਸਰਗਰਮ ਮਾਮਲਿਆਂ ਦਾ 5.92 ਫੀਸਦੀ ਹੀ ਦਾਖਲ ਹਨ ਜਦਕਿ ਪ੍ਰਾਈਵੇਟ ਹਸਪਤਾਲਾਂ ‘ਚ 317 ਮਰੀਜ਼ ਭਾਵ 20.62 ਫੀਸਦੀ ਮਰੀਜ਼ ਭਰਤੀ ਹਨ। ਲੁਧਿਆਣਾ ‘ਚ ਦੂਜੇ ਜ਼ਿਲ੍ਹਿਆਂ ਨਾਲ ਸਬੰਧਿਤ 252 ਸਰਗਰਮ ਮਾਮਲੇ ਹਨ, ਜੋ ਕਿ ਸਾਰੇ ਮਰੀਜ਼ ਪ੍ਰਾਈਵੇਟ ਹਸਪਤਾਲਾਂ ‘ਚ ਭਰਤੀ ਹਨ।
ਦੱਸਣਯੋਗ ਹੈ ਕਿ ਬੀਤੇ ਦਿਨ ਭਾਵ ਵੀਰਵਾਰ ਨੂੰ ਜ਼ਿਲ੍ਹੇ ‘ਚ 231 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ, ਜਿਨ੍ਹਾਂ ‘ਚੋਂ 191 ਲੁਧਿਆਣਾ ਦੇ ਅਤੇ ਬਾਕੀ ਹੋਰ ਜ਼ਿਲ੍ਹਿਆਂ ਦੇ ਹਨ। ਇਸ ਦੇ ਨਾਲ ਹੀ 12 ਮਰੀਜ਼ਾਂ ਨੇ ਦਮ ਤੋੜਿਆ, ਜਿਨ੍ਹਾਂ ‘ਚੋਂ 7 ਲੁਧਿਆਣਾ ਦੇ ਅਤੇ ਬਾਕੀ ਹੋਰ ਜ਼ਿਲ੍ਹਿਆਂ ਦੇ ਹਨ। ਵੀਰਵਾਰ ਨੂੰ 156 ਮਰੀਜ਼ਾਂ ਨੂੰ ਡਿਸਚਾਰਜ ਕੀਤਾ ਗਿਆ ਹੈ।ਇਸ ਤੋਂ ਇਲਾਵਾ ਹੋਰ ਜ਼ਿਲ੍ਹਿਆਂ ਤੋਂ ਮਿਲੇ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ 2020 ਤੱਕ ਪਹੁੰਚ ਚੁੱਕੀ ਹੈ। ਹੁਣ ਤੱਕ ਜ਼ਿਲ੍ਹੇ ਭਰ ‘ਚ 16974 ਕੋਰੋਨਾ ਪਾਜ਼ੀਟਿਵ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਜਦਕਿ 697 ਮਰੀਜ਼ ਦਮ ਤੋੜ ਚੁੱਕੇ ਹਨ।