ludhiana coronavirus positive cases: ਲੁਧਿਆਣਾ (ਤਰਸੇਮ ਭਾਰਦਵਾਜ)-ਜ਼ਿਲ੍ਹੇ ‘ਚ ਜੁਲਾਈ ਮਹੀਨੇ ਤੋਂ ਲੈ ਕੇ ਸਤੰਬਰ ਮਹੀਨੇ ਦੇ ਮੱਧ ਤੱਕ ਕੋਰੋਨਾ ਵਾਇਰਸ ਦੇ ਮਾਮਲਿਆਂ ‘ਚ ਲਗਾਤਾਰ ਵਾਧਾ ਦੇਖਿਆ ਸੀ ਪਰ ਹੁਣ ਹੌਲੀ-ਹੌਲੀ ਨਵੇਂ ਮਾਮਲਿਆਂ ‘ਚ ਕਮੀ ਆਉਣ ਲੱਗੀ ਹੈ। ਇਸ ਦੌਰਾਨ ਵੱਡੀ ਜਾਣਕਾਰੀ ਇਹ ਵੀ ਸਾਹਮਣੇ ਆਈ ਏ ਕਿ ਭਾਵੇ ਲੁਧਿਆਣਾ ਜ਼ਿਲ੍ਹਾਂ ਮੌਤਾਂ ਦੇ ਅੰਕੜਿਆਂ ‘ਚ ਦੇਸ਼ ਭਰ ਦੇ ਜ਼ਿਲ੍ਹਿਆਂ ‘ਚੋਂ 22ਵੇਂ ਸਥਾਨ ‘ਤੇ ਚੱਲ ਰਿਹਾ ਹੈ ਪਰ ਇਸ ਦੇ ਨਾਲ ਹੀ ਰਿਕਵਰੀ ਰੇਟ ‘ਚ ਲੁਧਿਆਣਾ 15ਵੇਂ ਸਥਾਨ ‘ਤੇ ਪਹੁੰਚਿਆ ਹੈ। ਜਾਣਕਾਰੀ ਮੁਤਾਬਕ ਲੁਧਿਆਣਾ ‘ਚ ਹੁਣ ਤੱਕ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 17482 ਤੱਕ ਪਹੁੰਚ ਚੁੱਕੀ ਹੈ, ਜਿਨ੍ਹਾਂ ‘ਚੋਂ 89.07 ਫੀਸਦੀ ਭਾਵ 15572 ਲੋਕ ਕੋਰੋਨਾ ਨੂੰ ਮਾਤ ਦੇ ਠੀਕ ਵੀ ਹੋ ਚੁੱਕੇ ਹਨ। ਦੱਸ ਦੇਈਏ ਕਿ ਸੂਬੇ ਭਰ ‘ਚ ਲੁਧਿਆਣਾ ਕੋਰੋਨਾ ਪਾਜ਼ੀਟਿਵ ਮਾਮਲਿਆਂ ਅਤੇ ਮੌਤਾਂ ਦੇ ਅੰਕੜਿਆਂ ‘ਚ ਪਹਿਲੇ ਸਥਾਨ ‘ਤੇ ਹੈ। ਇਸ ਦੇ ਨਾਲ ਹੀ ਰਿਕਵਰੀ ਰੇਟ ‘ਚ ਵੀ ਅਵੱਲ ਸਥਾਨ ‘ਤੇ ਪਹੁੰਚਿਆ ਹੈ, ਜੋ ਕਿ ਵੱਡੀ ਰਾਹਤ ਭਰੀ ਗੱਲ ਹੈ।
ਦੱਸਣਯੋਗ ਹੈ ਕਿ ਦੇਸ਼ ਭਰ ਦੇ 61 ਜ਼ਿਲ੍ਹੇ ਅਜਿਹੇ ਨੇ ਜਿੱਥੇ ਲੁਧਿਆਣਾ ਤੋਂ ਜ਼ਿਆਦਾ ਮਾਮਲੇ ਹਨ ਪਰ ਇਨ੍ਹਾਂ ‘ਚੋਂ 14 ਜ਼ਿਲ੍ਹੇ ਅਜਿਹੇ ਵੀ ਨੇ ਜਿੱਥੇ ਰਿਕਵਰੀ ਰੇਟ ਲੁਧਿਆਣਾ ਤੋਂ ਬਿਹਤਰ ਹਨ। ਇਹ ਵੀ ਦੱਸਿਆ ਜਾਂਦਾ ਏ ਕਿ ਓਡੀਸ਼ਾ ਦੇ ਗੰਜਮ ਜ਼ਿਲ੍ਹੇ ਦਾ ਰਿਕਵਰੀ ਰੇਟ ਪੂਰੇ ਦੇਸ਼ ‘ਚ ਅਵੱਲ ਹੈ, ਜਿੱਥੇ 19996 ਪਾਜ਼ੀਟਿਵ ਮਾਮਲਿਆਂ ‘ਚੋਂ 19513 ਮਰੀਜ਼ ਸਿਹਤਯਾਬ ਹੋ ਚੁੱਕੇ ਹਨ। ਇਹ ਵੀ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਕਿ ਲੁਧਿਆਣਾ ‘ਚ ਸਿਹਤ ਵਿਭਾਗ ਦੀ ਜਾਂਚ ‘ਚ ਐਤਵਾਰ ਨੂੰ 174 ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ, ਜਿਸ ‘ਚ 151 ਪਾਜ਼ੇਟਿਵ ਮਰੀਜ਼ ਲੁਧਿਆਣਾ ਅਤੇ 23 ਦੂਸਰੇ ਜ਼ਿਲਿਆਂ ਤੋਂ ਸੰਬੰਧਿਤ ਸਨ।ਦੂਜੇ ਪਾਸੇ ਸ਼ਹਿਰ ਦੇ ਵੱਖ-ਵੱਖ ਹਸਪਤਾਲਾਂ ‘ਚ ਦਾਖਲ 12 ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੇ ਦਮ ਤੋੜ ਦਿੱਤਾ ਹੈ।ਜਿਸ ‘ਚੋਂ 9 ਲੁਧਿਆਣਾ ਜ਼ਿਲੇ ਨਾਲ ਸਬੰਧਿਤ ਸਨ।