ludhiana projects reviewed meeting: ਲੁਧਿਆਣਾ (ਤਰਸੇਮ ਭਾਰਦਵਾਜ)- ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਲੁਧਿਆਣਾ ਜ਼ਿਲ੍ਹਾ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਉਨ੍ਹਾਂ ਵੱਲੋਂ ਇਸ ਸਬੰਧੀ ਇਕ ਮੀਟਿੰਗ ਸਥਾਨਕ ਬੱਚਤ ਭਵਨ ਵਿਖੇ ਕੀਤੀ ਗਈ, ਜਿਸ ‘ਚ ਵਧੀਕ ਮੁੱਖ ਪ੍ਰਸ਼ਾਸਕ (ਏ.ਸੀ.ਏ.) ਗਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ (ਗਲਾਡਾ) ਭੁਪਿੰਦਰ ਸਿੰਘ, ਵਧੀਕ ਡਿਪਟੀ ਕਮਿਸ਼ਨਰ(ਜਗਰਾਉਂ) ਸ੍ਰੀਮਤੀ ਨੀਰੂ ਕਤਿਆਲ ਗੁਪਤਾ ਅਤੇ ਉਪ-ਮੰਡਲ-ਮੈਜਿਸਟ੍ਰੇਟ(ਰਾਏਕੋਟ) ਡਾ. ਹਿਮਾਂਸ਼ੂ ਗੁਪਤਾ ਵੀ ਪਹੁੰਚੇ। ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹਾ ਲੁਧਿਆਣਾ ਸਮਾਰਟ ਸਿਟੀ ਲਿਮਟਿਡ ਅਧੀਨ ਚੱਲ ਰਹੇ ਹੋਰ ਪ੍ਰਾਜੈਕਟਾਂ ਤੋਂ ਇਲਾਵਾ ਪਿੰਡ ਧਨਾਂਨਸੂ ਵਿਖੇ ਹਾਈ-ਟੈਕ ਸਾਈਕਲ ਵੈਲੀ ਅਤੇ ਹਲਵਾਰਾ ਵਿਖੇ ਕੌਮਾਂਤਰੀ ਹਵਾਈ ਅੱਡੇ ਦੀ ਪ੍ਰਗਤੀ ਦਾ ਜਾਇਜ਼ਾ ਵੀ ਲਿਆ।
ਡੀ.ਸੀ. ਨੇ ਦੱਸਿਆ ਕਿ ਪੰਜਾਬ ਸਰਕਾਰ ਪਿੰਡ ਧਨਾਨਸੂ ਵਿਖੇ 380 ਏਕੜ ਰਕਬੇ ‘ਚ ਹਾਈ-ਟੈਕ ਸਾਈਕਲ ਵੈਲੀ ਦਾ ਨਿਰਮਾਣ ਕਰ ਰਹੀ ਹੈ, ਜਿਸ ‘ਚੋਂ 100 ਏਕੜ ਜ਼ਮੀਨ ਪਹਿਲਾਂ ਹੀ ਮੈਸਰਜ਼ ਹੀਰੋ ਸਾਈਕਲ ਲਿਮਟਿਡ ਨੂੰ ਅਲਾਟ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਸ ਸਾਈਕਲ ਵੈਲੀ ਨੂੰ ਨਿਰਵਿਘਨ ਬਿਜਲੀ ਸਪਲਾਈ ਮੁਹੱਈਆ ਕਰਵਾਉਣ ਲਈ, ਪੀ.ਐਸ.ਪੀ.ਸੀ.ਐਲ. ਨੂੰ 400 ਕੇ.ਵੀ.ਏ. ਸਬ ਸਟੇਸ਼ਨ ਸਥਾਪਤ ਕਰਨ, ਬਾਕੀ 250 ਏਕੜ ਦੇ ਅੰਦਰੂਨੀ ਵਿਕਾਸ ਦਾ ਕੰਮ ਭਾਵ ਕੰਕਰੀਟ ਦੀਆਂ ਸੜਕਾਂ, ਨਾਲਿਆਂ, ਸੀਵਰੇਜ ਸਿਸਟਮ ਲਈ 30 ਏਕੜ ਜ਼ਮੀਨ ਅਲਾਟ ਕੀਤੀ ਗਈ ਹੈ। ਬਿਜਲੀ, ਜਲ ਸਪਲਾਈ ਨੈੱਟਵਰਕ ਵਾਲੀ ਥਾਂ ‘ਤੇ ਕੰਮ ਸ਼ੁਰੂ ਹੋ ਗਿਆ ਹੈ ਅਤੇ ਜਲਦੀ ਹੀ ਮੁਕੰਮਲ ਹੋ ਜਾਵੇਗਾ, ਬੁੱਢੇ ਨਾਲੇ ‘ਤੇ ਉੱਚ ਪੱਧਰੀ ਬ੍ਰਿਜ ਦਾ ਨਿਰਮਾਣ ਕਾਰਜ ਜਾਰੀ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਸਿਵਲ ਟਰਮੀਨਲ ਨੂੰ ਬਣਾਉਣ ਲਈ ਲੋੜੀਂਦੀ 161.2703 ਏਕੜ ਜ਼ਮੀਨ ਪਹਿਲਾਂ ਹੀ ਐਕੁਆਇਰ ਕੀਤੀ ਜਾ ਚੁੱਕੀ ਹੈ ਅਤੇ ਗਲਾਡਾ ਨੇ ਉਕਤ ਜ਼ਮੀਨ ਦਾ ਕਬਜ਼ਾ ਲੈ ਲਿਆ ਹੈ। ਉਨ੍ਹਾਂ ਕਿਹਾ ਕਿ ਉਹ ਕੋਸ਼ਿਸ਼ ਕਰਨਗੇ ਕਿ ਰਨਵੇ ਦਾ ਨਿਰਮਾਣ ਟਰਮੀਨਲ ਦੀ ਇਮਾਰਤ ਦੀ ਉਸਾਰੀ ਦੇ ਨਾਲ ਪਹਿਲ ਦੇ ਅਧਾਰ ‘ਤੇ ਮੁਕੰਮਲ ਕਰਵਾਇਆ ਜਾਵੇ ਤਾਂ ਜੋ ਅੰਤਰ ਰਾਸ਼ਟਰੀ ਉਡਾਣਾਂ ਜਲਦੀ ਹੀ ਇਥੋਂ ਚਾਲੂ ਕੀਤਆਂ ਜਾ ਸਕਣ।ਡੀ.ਸੀ ਨੇ ਕਿਹਾ ਕਿ ਉਹ ਖੁਦ ਵਿਕਾਸ ਪ੍ਰਾਜੈਕਟਾਂ ਦੀ ਨਿਗਰਾਨੀ ਕਰਨਗੇ ਅਤੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਕਿਸੇ ਵੀ ਤਰ੍ਹਾਂ ਦੀ ਢਿੱਲ-ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ।