judge sentenced opium smuggler: ਲੁਧਿਆਣਾ (ਲੁਧਿਆਣਾ)-ਜ਼ਿਲ੍ਹੇ ਦੀ ਸਥਾਨਕ ਅਦਾਲਤ ਨੇ ਨਸ਼ੀਲੇ ਪਦਾਰਥਾਂ ਦੇ ਸਮੱਗਲਿੰਗ ਕਰਨ ਵਾਲੇ ਦੋਸ਼ੀ ਨੂੰ 12 ਸਾਲ ਕੈਦ ਅਤੇ ਇਕ ਲੱਖ ਵੀਹ ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਮਿਲੀ ਜਾਣਕਾਰੀ ਅਨੁਸਾਰ ਐਸ.ਟੀ.ਐਫ. ਦੀ ਪੁਲਿਸ ਨੇ ਦੋਸ਼ੀ ਜਤਿੰਦਰ ਸਿੰਘ ਅਤੇ ਉਸ ਦੇ ਸਾਥੀ ਰਘੁਵਿੰਦਰ ਸਿੰਘ ਵਾਸੀ ਲਖਮੀਰਪੁਰ ਉੱਤਰ ਪ੍ਰਦੇਸ਼ ਨੂੰ ਗ੍ਰਿਫ਼ਤਾਰ ਕਰਕੇ ਭਾਰੀ ਮਾਤਰਾ ‘ਚ ਅਫੀਮ ਬਰਾਮਦ ਕੀਤੀ ਸੀ। ਪੁਲਿਸ ਵਲੋਂ ਉਸ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ ਹਾਲਾਂਕਿ ਅਦਾਲਤ ‘ਚ ਕਥਿਤ ਦੋਸ਼ੀ ਵਲੋਂ ਆਪਣੇ ਆਪ ਨੂੰ ਬੇਕਸੂਰ ਦੱਸਿਆ ਗਿਆ ਪਰ ਮਾਣਯੋਗ ਜੱਜ ਅਰੁਣ ਕੁਮਾਰ ਅਗਰਵਾਲ ਦੀ ਅਦਾਲਤ ਨੇ ਇਸ ਮਾਮਲੇ ‘ਚ ਦੋਸ਼ੀ ਜਤਿੰਦਰ ਸਿੰਘ ਨੂੰ 12 ਸਾਲ ਕੈਦ ਅਤੇ ਇਕ ਲੱਖ ਵੀਹ ਹਜ਼ਾਰ ਜੁਰਮਾਨਾ ਅਦਾ ਕਰਨ ਦੇ ਹੁਕਮ ਦਿੱਤੇ। ਪੁਲਿਸ ਵਲੋਂ ਜਤਿੰਦਰ ਸਿੰਘ ਦੇ ਨਾਲ ਉਸ ਦੇ ਸਾਥੀ ਰਘੁਵਿੰਦਰ ਸਿੰਘ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ ਪਰ ਅਦਾਲਤ ਵਲੋਂ ਰਘੁਵਿੰਦਰ ਸਿੰਘ ਸਬੰਧੀ ਫ਼ੈਸਲਾ ਰਾਖਵਾਂ ਰੱਖ ਲਿਆ।
ਜਾਣਕਾਰੀ ਦਿੰਦੇ ਹੋਏ ਸਰਕਾਰੀ ਪੱਖ ਨੇ ਦੱਸਿਆ ਹੈ ਕਿ 24 ਨਵੰਬਰ ਨੂੰ ਥਾਣਾ ਮੇਹਰਬਾਨ ਦੀ ਪੁਲਿਸ ਵੱਲੋਂ ਮਾਛੀਵਾੜਾ- ਰਾਹੋ ਰੋਡ ਟੀ ਪੁਆਇੰਟ ‘ਤੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਸਪੈਸ਼ਲ ਟਾਸਕ ਫੋਰਸ ਦੇ ਐੱਸ.ਐੱਚ.ਓ ਹਰਬੰਸ ਸਿੰਘ ਨੇ ਪਿੰਡ ਚੌਤਾਂ ਵੱਲੋਂ ਇਕ ਚਿੱਟੇ ਰੰਗ ਦੀ ਕਾਰ ਆਉਂਦੀ ਦੇਖੀ। ਸ਼ੱਕ ਦੇ ਆਧਾਰ ‘ਤੇ ਚੈਕਿੰਗ ਲਈ ਰੋਕਿਆ ਗਿਆ। ਚੈਕਿੰਗ ਦੌਰਾਨ ਡਰਾਈਵਰ ਸੀਟ ਨਾਲ ਵਾਲੀ ਸੀਟ ‘ਤੇ ਬੈਠੇ ਜਤਿੰਦਰ ਸਿੰਘ ਦੇ ਹੱਥ ‘ਚ ਫੜੇ ਬੈਗ ‘ਚੋਂ 8 ਕਿਲੋਂ ਅਫੀਮ ਬਰਾਮਦ ਹੋਈ ਜਦਕਿ ਕਾਰ ਚਲਾ ਰਹੇ ਰਘੂਵਿੰਦਰ ਸਿੰਘ ਦੀ ਤਲਾਸ਼ੀ ਲੈਣ ‘ਤੇ ਉਸ ਦੀ ਕਮਰ ਦੇ ਨਾਲ ਬੰਨੇ ਲਿਫਾਫੇ ‘ਚੋਂ 2 ਕਿਲੋਂ ਅਫੀਮ ਬਰਾਮਦ ਹੋਈ।
ਦੋਵਾਂ ਦੋਸ਼ੀਆਂ ਖਿਲਾਫ ਐੱਨ.ਡੀ.ਪੀ.ਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਪੁਲਿਸ ਦੁਆਰਾ ਦੋਸ਼ੀਆਂ ਦਾ ਚਾਲਾਨ ਅਦਾਲਤ ‘ਚ ਪੇਸ਼ ਕੀਤਾ। ਜਿੱਥੇ ਅਦਾਲਤ ਨੇ ਸਬੂਤਾਂ ਦੇ ਆਧਾਰ ‘ਤੇ ਜਤਿੰਦਰ ਸਿੰਘ ਨੂੰ 12 ਸਾਲ ਦੀ ਸਜ਼ਾ ਅਤੇ 1.20 ਹਜ਼ਾਰ ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ, ਜੋ ਕਿ ਹੁਣ ਵੀ ਜੇਲ ‘ਚ ਬੰਦ ਹੈ ਜਦਕਿ ਦੂਜਾ ਦੋਸ਼ੀ ਰਘੂਵਿੰਦਰ ਸਿੰਘ ਜ਼ਮਾਨਤ ‘ਤੇ ਰਿਹਾ ਹੋ ਕੇ ਜੇਲ ਤੋਂ ਚਲਾ ਗਿਆ ਸੀ ਪਰ ਉਹ ਅਦਾਲਤ ਤੋਂ ਗੈਰਹਾਜ਼ਿਰ ਚਲ ਰਿਹਾ ਹੈ।