ludhiana DC releases documentary: ਲੁਧਿਆਣਾ (ਤਰਸੇਮ ਭਾਰਦਵਾਜ)-ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਕੋਵਿਡ-19 ਨਾਲ ਲੜਨ ਅਤੇ ਸੂਬਾ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਲਈ ਉਤਸ਼ਾਹਤ ਕਰਨ ਸਬੰਧੀ ਸ਼ੁਰੂ ਕੀਤੀ ਗਈ “ਸੇਫਟੀ ਅਵੇਅਰਨੈਸ ਸਲੋਗਨ ਡਰਾਈਵ” ਦੇ 100 ਦਿਨ ਪੂਰੇ ਹੋਣ ਤੇ ਇੱਕ ਵਿਸ਼ੇਸ਼ ਡਾਕਿਊਮੈਂਟਰੀ ਰੀਲੀਜ਼ ਕੀਤੀ ਗਈ, ਜੋ ਕਿ ਲੁਧਿਆਣਾ ਸ਼ਹਿਰ ਦੇ ਵਕੀਲ ਹਰਪ੍ਰੀਤ ਸੰਧੂ ਵੱਲੋਂ ਤਿਆਰ ਕੀਤੀ ਗਈ ਹੈ। ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਮੁਹਿੰਮ ਸੇਵਾ ਸੰਕਲਪ ਸੁਸਾਇਟੀ ਵੱਲੋਂ ਹੀਰੋ ਹਾਰਟ ਡੀ.ਐਮ.ਸੀ. ਦੇ ਮਾਹਿਰ ਡਾਕਟਰਾਂ ਦੇ ਸਹਿਯੋਗ ਨਾਲ ਆਨਲਾਈਨ ਪਲੇਟਫਾਰਮ ਦੀ ਵਰਤੋਂ ਕਰਦਿਆਂ ਲੁਧਿਆਣਾ ਦੇ ਨਾਗਰਿਕਾਂ ਨੂੰ ਜਾਗਰੂਕ ਕਰਨ ਅਤੇ ਸੂਬਾ ਸਰਕਾਰ ਵੱਲੋਂ ਕੋਵਿਡ-19 ਨਾਲ ਨਜਿੱਠਣ ਲਈ ਜਾਰੀ ਕੀਤੀਆਂ ਗਈਆਂ ਹਦਾਇਤਾਂ ਅਤੇ ਦਿਸ਼ਾ ਨਿਰਦੇਸ਼ਾਂ ਦਾ ਪ੍ਰਚਾਰ ਕਰਨ 25 ਜੂਨ 2020 ਨੂੰ ਸ਼ੁਰੂ ਕੀਤੀ ਗਈ ਸੀ।
ਡਿਪਟੀ ਕਮਿਸ਼ਨਰ ਵੱਲੋਂ 100 ਦਿਨ ਪੂਰੇ ਹੋਣ ਤੇ ਇਕ ਵਿਸ਼ੇਸ਼ ਪੋਰਟਰੇਟ ਵੀ ਜਾਰੀ ਕੀਤਾ ਗਿਆ, ਜੋ ਕੋਵਿਡ-19 ਨਾਲ ਲੜਨ ਲਈ “ਸੈਲਫ ਪ੍ਰੋਟੈਕਸ਼ਨ ਇੱਜ ਬੈਸਟ ਪ੍ਰੋਟੈਕਸ਼ਨ” ਦਾ ਨਾਅਰਾ ਦਿੰਦਾ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਡਾ: ਬਿਸ਼ਵ ਮੋਹਨ, ਡਾ ਰਵਿੰਦਰ ਸਿੱਧੂ ਅਤੇ ਡਾ: ਵਿਵੇਕ ਸੱਗੜ ਨੂੰ ਮਹਾਮਾਰੀ ਦੌਰਾਨ ਉਨ੍ਹਾਂ ਦੀਆਂ ਵੱਡਮੁਲੀਆਂ ਸੇਵਾਵਾਂ ਲਈ ਸਨਮਾਨਿਤ ਵੀ ਕੀਤਾ।
ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਸੇਵਾ ਸੰਕਲਪ ਸੁਸਾਇਟੀ ਦੇ ਬੈਨਰ ਹੇਠ ਹਰਪ੍ਰੀਤ ਸੰਧੂ ਨੇ ਨਾਗਰਿਕਾਂ ਨੂੰ ਜਾਗਰੂਕ ਕਰਨ ਲਈ ਆਨਲਾਈਨ ਪਲੇਟਫਾਰਮ ਦੀ ਵਰਤੋਂ ਕਰਦਿਆਂ ਸ਼ਾਨਦਾਰ ਕੰਮ ਕੀਤਾ ਅਤੇ ਉਨ੍ਹਾਂ ਨੂੰ ਸੂਬਾ ਸਰਕਾਰ ਵੱਲੋਂ ਜਾਰੀ ਕੋਵਿਡ-19 ਸਬੰਧੀ ਹਦਾਇਤਾਂ ਦੀ ਪਾਲਣਾ ਕਰਨ ਲਈ ਉਤਸ਼ਾਹਤ ਵੀ ਕੀਤਾ। ਡਿਪਟੀ ਕਮਿਸ਼ਨਰ ਵੱਲੋਂ ਸੁਸਾਇਟੀ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੀ ਮੁਹਿੰਮ ਨੂੰ ਨਿਰੰਤਰ ਜਾਰੀ ਰੱਖਣ, ਕਿਉਂਕਿ ਕੋਵਡ-19 ਵਿਰੁੱਧ ਲੜਾਈ ਅਜੇ ਬਾਕੀ ਹੈ ਅਤੇ ਉਨ੍ਹਾਂ ਲੋਕਾਂ ਨੂੰ ਮਾਸਕ ਪਹਿਨਣ, ਸਮਾਜਕ ਦੂਰੀ ਬਣਾਈ ਰੱਖਣ ਅਤੇ ਹੱਥ ਧੋਣ ਦੀ ਵੀ ਅਪੀਲ ਕੀਤੀ। ਜ਼ਿਕਰਯੋਗ ਹੈ ਕਿ ਇਹ ਜੋ ਡਾਕਿਊਮੈਂਟਰੀ ਜਾਰੀ ਕੀਤੀ ਗਈ ਹੈ, ਇਸ ‘ਚ ਵੱਖ-ਵੱਖ ਹਿੱਸਿਆਂ ‘ਚ ਆਯੋਜਿਤ ਸਮਾਗਮਾਂ ਅਤੇ ਕਮਿਊਨਿਟੀ ਦੀ ਭਾਗੀਦਾਰੀ ਨੂੰ ਦਰਸਾਇਆ ਗਿਆ ਹੈ।